ਅਮਰੀਕਾ ਦੀ ਸੰਸਦ ‘ਚ ਵੀਰਵਾਰ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਗਾਂਧੀ-ਕਿੰਗ ਐਕਸਚੇਂਜ ਐਕਟ ਦੇ ਪਾਸ ਹੋਣ ਦੀ ਸੰਭਾਵਨਾ ਹੈ। ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੀਆਂ ਵਿਚਾਰਾਂ ਦੇ ਪ੍ਰਚਾਰ ਤੇ ਅਧਿਐਨ ਲਈ ਇਹ ਐਕਟ ਤਿਆਰ ਕੀਤਾ ਗਿਆ ਹੈ। ਇਸ ਬਾਰੇ ਨਾਗਰਿਕ ਅਧਿਕਾਰਾਂ ਦੇ ਪੈਰੋਕਾਰ ਸੰਸਦ ਮੈਂਬਰ ਜਾਨ ਲੇਵਿਸ ਨੇ ਤਿਆਰ ਕੀਤਾ ਸੀ। ਜਿਨ੍ਹਾਂ ਦੀ ਪਿਛਲੇ ਸਾਲ ਮੌਤ ਹੋ ਗਈ ਹੈ।
ਅਮਰੀਕੀ ਸੰਸਦ ‘ਚ ਹੁਣ ਭਾਰਤੀ ਮੂਲ ਦੇ ਸੰਸਦ ਮੈਂਬਰ ਡਾ. ਐਮੀ ਬੇਰਾ ਇਸ ਦੇ ਕਾਨੂੰਨ ਬਣਨ ਦੀ ਲਗਾਤਾਰ ਪੈਰਵੀ ਕਰ ਰਹੇ ਹਨ। ਐਕਟ ਨੂੰ ਸੰਸਦ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਨੇ ਪਹਿਲਾਂ ਹੀ ਪਾਸ ਕਰ ਦਿੱਤਾ ਹੈ। ਕਾਨੂੰਨ ਬਣਨ ਲਈ ਸੰਸਦ ‘ਚ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਹੋਵੇਗੀ। ਬਹਿਸ ਲਈ ਚਾਲੀ ਮਿੰਟ ਦਾ ਸਮਾਂ ਦਿੱਤਾ ਗਿਆ ਹੈ।ਕਾਨੂੰਨ ਬਣਨ ਤੋਂ ਬਾਅਦ ਭਾਰਤ ਤੇ ਅਮਰੀਕਾ ਦੀ ਸਰਕਾਰ ਦੋਵੇਂ ਇਕੋ ਅਜਿਹੇ ਆਲਮੀ ਮੰਚ ਦੀ ਸਥਾਪਨਾ ਕਰ ਸਕਣਗੇ, ਜਿਸ ‘ਚ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਅਹਿੰਸਾ ਸਿਧਾਂਤ ‘ਤੇ ਅਧਿਐਨ ਕਰਨ ਦੀ ਸਹੂਲਤ ਮਿਲੇਗੀ। ਐਕਟ ‘ਚ ਭਾਰਤ-ਅਮਰੀਕੀ ਗਾਂਧੀ-ਕਿੰਗ ਫਾਉਂਡੇਸ਼ਨ ਦੀ ਸਥਾਪਨਾ ਦਾ ਵੀ ਪ੍ਰਬੰਧ ਹੈ। ਮਨੁੱਖੀ ਅਧਿਕਾਰ, ਬਰਾਬਰੀ, ਨਿਆ ਤੇ ਲੋਕਤੰਤਰ ਲਈ ਇਹ ਕਾਨੂੰਨ ਅਹਿਮ ਹੋਵੇਗਾ।