Satwinder bitti birthday special: ਮਖ਼ਸੂਸ ਅੰਦਾਜ਼ ਤੇ ਖ਼ੂਬਸੂਰਤ ਆਵਾਜ਼ ਵਾਲੀ ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਜਨਮ ਦਿਨ ਹੈ ।ਸਤਵਿੰਦਰ ਕੌਰ ਬਿੱਟੀ ਇਹ ਉਹ ਨਾਂਅ ਹੈ ਜਿਸਨੇ ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਆਪਣੇ ਗੀਤਾਂ ਦੀ ਛਹਿਬਰ ਜਿਹੀ ਲਗਾ ਦਿੱਤੀ ਸੀ। ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਤਾਂ ਬਿੱਟੀ ਦੇ ਧਾਰਮਿਕ ਗੀਤਾਂ ਦੀ ਕੈਸੇਟ ਵੱਜਦੀ ਅਤੇ ਕੋਈ ਰੰਗਾਰੰਗ ਪ੍ਰੋਗਰਾਮ ਹੁੰਦਾ ਤਾਂ ਬਿੱਟੀ ਦੇ ਗੀਤਾਂ ਨਾਲ ਹਰ ਗਲੀ, ਕੂਚੇ ਵਿੱਚ ਉਨਾਂ ਦੇ ਗੀਤਾਂ ਦੀ ਅਵਾਜ਼ ਗੂੰਜਦੀ ਸੁਣਾਈ ਦੇਂਦੀ।
ਬਿੱਟੀ ਨੂੰ ਸੁਰਾਂ ਦੀ ਏਨੀ ਸਮਝ ਸੀ ਕਿ ਉਨਾਂ ਨੇ ਜਲਦ ਹੀ ਲੋਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਸੀ ।ਸਤਵਿੰਦਰ ਬਿੱਟੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਗਾਇਕਾ ਹੈ ਜਿਸ ਨੇ ਬਹੁਤ ਹਿੱਟ ਗਾਣੇ ਦਿੱਤੇ ਹਨ ਤੇ ਦਿੰਦੇ ਆ ਰਹੇ ਹਨ। ਸਤਵਿੰਦਰ ਬਿੱਟੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ ।ਇਸ ਤੋਂ ਬਾਅਦ ਉਹ ਚੰਡੀਗੜ੍ਹ ਪੜ੍ਹਨ ਲਈ ਚਲੇ ਗਏ। ਇੱਥੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਰੂਚੀ ਖੇਡਣ ‘ਚ ਵੀ ਬਣਨ ਲੱਗੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਬਣ ਕੇ ਉਭਰੇ। ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਖੇਡਿਆ ਅਤੇ ਹਾਕੀ ‘ਚ ਗੋਲਡ ਮੈਡਲਿਸਟ ਵੀ ਰਹੇ। ਇਸ ਸਭ ਦੇ ਚਲਦੇ ਇੱਕ ਵਾਰ ਜਦੋਂ ਕਿਤੇ ਬਾਹਰ ਖੇਡਣ ਲਈ ਜਾਣਾ ਸੀ
ਤਾਂ ਸਤਵਿੰਦਰ ਬਿੱਟੀ ਨੂੰ ਘੱਟ ਉਮਰ ਦਾ ਹਵਾਲਾ ਦੇ ਕੇ ਟੀਮ ਚੋਂ ਬਾਹਰ ਕੱਢ ਦਿੱਤਾ ਗਿਆ ਸੀ । ਕਿਉਂਕਿ ਉਸ ਸਮੇਂ ਕਿਸੇ ਦੀ ਸਿਫ਼ਾਰਿਸ਼ ਆ ਗਈ ਸੀ ਅਤੇ ਚੋਣ ਕਰਨ ਵਾਲੀ ਟੀਮ ਨੇ ਉਸ ਸਿਫ਼ਾਰਿਸ਼ ਵਾਲੀ ਕੁੜੀ ਨੂੰ ਟੀਮ ‘ਚ ਰੱਖ ਲਿਆ ਸੀ ।ਸਤਵਿੰਦਰ ਬਿੱਟੀ ਨੂੰ ਬਿਜਲੀ ਵਿਭਾਗ ‘ਚ ਨੌਕਰੀ ਕਰਨ ਦਾ ਮੌਕਾ ਵੀ ਮਿਲਿਆ ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਸੀ । ਬਿੱਟੀ ਦੀ ਸਟੇਜ ਅਦਾਇਗੀ ਬਾਕਮਾਲ ਹੈ। ਉਸ ਦੀ ਹਰ ਅਦਾ ਅਤੇ ਹਰ ਨਖ਼ਰੇ ਦੇ ਕੋਈ ਮਾਅਨੇ ਹੁੰਦੇ ਹਨ। ਕੁਝ ਸਾਲ ਪਹਿਲਾਂ ਉਸ ਨੇ ਅਮਰੀਕਾ ਵਸਦੇ ਕੁਲਰਾਜ ਸਿੰਘ ਗਰੇਵਾਲ ਨਾਂ ਦੇ ਮੁੰਡੇ ਨੂੰ ਆਪਣਾ ਜੀਵਨ ਸਾਥੀ ਚੁਣਿਆ ਸੀ। ਦੱਸ ਦੇਈਏ ਕਿ ਸਤਵਿੰਦਰ ਕੌਰ ਬਿੱਟੀ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇੰਚਾਰਜ ਤੇ ਕਾਂਗਰਸ ਆਗੂ ਵੀ ਹਨ।