ਅਹਿਮਦਾਬਾਦ: ਪਾਕਿਸਤਾਨੀ ਕਮਾਂਡੋ ਦੇ ਗੁਜਰਾਤ ਵਿੱਚ ਫਿਰਕੂ ਅਸ਼ਾਂਤੀ ਫੈਲਾਉਣ ਜਾਂ ਅੱਤਵਾਦੀ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਕਾਂਡਲਾ ਬੰਦਰਗਾਹ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਅੱਤਵਾਦੀ ਸਮੁੰਦਰੀ ਮਾਰਗ ਦੇ ਕੱਛ ਖੇਤਰ ਰਾਹੀਂ ਭਾਰਤੀ ਖੇਤਰ ਵਿੱਚ ਘੁਸਪੈਠ ਕਰ ਸਕਦੇ ਹਨ।
ਖ਼ੁਫ਼ੀਆ ਸੂਤਰਾਂ ਮੁਤਾਬਕ, ਘੁਸਪੈਠ ਦੇ ਖ਼ਦਸ਼ੇ ਕਾਰਨ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਬੀਐਸਐਫ ਤੇ ਭਾਰਤੀ ਤਟ ਰੱਖਿਅਕ ਬਲ ਸੁਝਾਅ ਦਿੰਦੇ ਹਨ ਕਿ ਪਾਕਿ ਤੋਂ ਸਿਖਲਾਈ ਪ੍ਰਾਪਤ ਐਸਐਸਜੀ ਕਮਾਂਡੋ ਜਾਂ ਅੱਤਵਾਦੀ ਛੋਟੀਆਂ ਬੇੜੀਆਂ ਰਾਹੀਂ ਕੱਛ ਦੀ ਖਾੜੀ ਤੇ ਸਰ ਕਰੀਕ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨਗੇ। ਖੇਤਰ ਵਿੱਚ ਗਸ਼ਤ ਵੀ ਵਧਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੀਮਾ ਸੁਰੱਖਿਆ ਬਲ ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਕੋਲ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਹਰਾਮੀ ਨਾਲਾ ਕਰੀਕ ਖੇਤਰ ਤੋਂ ਪਾਕਿਸਤਾਨ ਦੀਆਂ ਮੱਛੀ ਫੜਨ ਲਈ ਵਰਤੀਆਂ ਜਾਣ ਵਾਲੀਆਂ ਦੋ ਖਾਲੀ ਬੇੜੀਆਂ ਬਰਾਮਦ ਕੀਤੀਆਂ ਸਨ। ਹਾਲਾਂਕਿ, ਕਿਸ਼ਤੀਆਂ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਪਰ ਸੂਹੀਆ ਏਜੰਸੀਆਂ ਵੱਲੋਂ ਜਾਰੀ ਚੌਕਸੀ ਤੋਂ ਬਾਅਦ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।