ਪੋਰਬੰਦਰ-ਗੁਜਰਾਤ ਦੇ ਪੋਰਬੰਦਰ ਦੀ ਇਕ ਅਦਾਲਤ ਨੇ ਹਿਰਾਸਤ ਵਿੱਚ ਤਸੀਹੇ ਦੇਣ ਦੇ ਮਾਮਲੇ ਵਿੱਚ ਭਾਰਤੀ ਪੁਲੀਸ ਸੇਵਾ ਦੇ ਸਾਬਕਾ ਅਧਿਕਾਰੀ ਸੰਜੀਵ ਭੱਟ ਨੂੰ ਬਰੀ ਕਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਧਿਰ ਦੋਸ਼ਾਂ ਨੂੰ ਸਾਬਿਤ ਨਹੀਂ ਕਰ ਸਕੀ।
ਵਧੀਕ ਮੁੱਖ ਨਿਆਂਇਕ ਮੈਜਸਿਟਰੇਟ ਮੁਕੇਸ਼ ਪੰਡਿਆ ਨੇ ਸ਼ਨਿਚਰਵਾਰ ਨੂੰ ਪੋਰਬੰਦਰ ਦੇ ਤਤਕਾਲੀ ਐੱਸਪੀ ਭੱਟ ਨੂੰ ਉਸ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਸ ਤੋਂ ਪਹਿਲਾਂ ਭੱਟ ਨੂੰ ਜਾਮਨਗਰ ਵਿੱਚ 1990 ਵਿੱਚ ਹਿਰਾਸਤ ’ਚ ਹੋਈ ਮੌਤ ਦੇ ਮਾਮਲੇ ਵਿੱਚ ਉਮਰ ਕੈਦ ਅਤੇ 1996 ਵਿੱਚ ਪਾਲਨਪੁਰ ਵਿੱਚ ਰਾਜਸਥਾਨ ਦੇ ਇਕ ਵਕੀਲ ਨੂੰ ਫਸਾਉਣ ਲਈ ਨਸ਼ੀਲਾ ਪਦਾਰਥ ਰੱਖਣ ਨਾਲ ਜੁੜੇ ਮਾਮਲੇ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਵੀ ਗਈ ਸੀ। ਉਹ ਇਸ ਵੇਲੇ ਰਾਜਕੋਟ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਅਦਾਲਤ ਨੇ ਕਿਹਾ ਕਿ ਸਰਕਾਰ ਧਿਰ ਇਨ੍ਹਾਂ ਦੋਸ਼ਾਂ ਨੂੰ ਸਾਬਿਤ ਨਹੀਂ ਕਰ ਸਕਿਆ ਕਿ ਸ਼ਿਕਾਇਤਕਰਤਾ ਨੂੰ ਅਪਰਾਧ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਖ਼ਤਰਨਾਕ ਹਥਿਆਰਾਂ ਦਾ ਇਸਤੇਮਾਲ ਕਰ ਕੇ ਅਤੇ ਧਮਕੀਆਂ ਦੇ ਦੇ ਆਤਮ ਸਮਰਪਣ ਲਈ ਮਜਬੂਰ ਕੀਤਾ ਗਿਆ ਸੀ। ਅਦਾਲਤ ਨੇ ਇਸ ਗੱਲ ’ਤੇ ਵੀ ਗੌਰ ਕੀਤਾ ਕਿ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਲੋੜੀਂਦੀ ਮਨਜ਼ੂਰੀ ਵੀ ਨਹੀਂ ਲਈ ਗਈ ਸੀ।