ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਪੰਜਾਬੀ ਪ੍ਰੇਮੀਆਂ ਤੋਂ ਬਾਅਦ ਹੁਣ ਧਾਰਮਿਕ ਹਲਕਿਆਂ ਵਿੱਚ ਉਨ੍ਹਾਂ ਪ੍ਰਤੀ ਰੋਸ ਹੈ। ਉਨ੍ਹਾਂ ਉਪਰ ਇਲਜ਼ਾਮ ਲੱਗ ਰਹੇ ਹਨ ਕਿ ਕੈਨੇਡਾ ਵਿੱਚ ਲਾਈਵ ਸ਼ੋਅ ਦੌਰਾਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਅਜਿਹਾ ਕਰਕੇ ਉਨ੍ਹਾਂ ਗੁਰਬਾਣੀ ਤੇ 10ਵੇਂ ਪਾਤਸ਼ਾਹ ਦਾ ਅਪਮਾਨ ਕੀਤਾ ਹੈ, ਉੱਥੇ ਹੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ‘ਸੇਖੋਂ’ ਦੇ ਪ੍ਰਧਾਨ ਡਾ. ਤੇਜਵੰਤ ਮਾਨ ਤੇ ਸਰਪ੍ਰਸਤ ਡਾ. ਸਵਰਾਜ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਗੁਰਦਾਸ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦ ਕੇ ਸਿੱਖ ਧਰਮ ਦੀਆਂ ਰਵਾਇਤਾਂ ਤੋਂ ਜਾਣੂ ਕਰਵਾਇਆ ਜਾਵੇ। ਸਭਾ ਦੇ ਬੁਲਾਰੇ ਡਾ. ਭਗਵੰਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਗੁਰਮਤਿ ਆਸ਼ੇ ਤੇ ਪੰਥਕ ਰਵਾਇਤਾਂ ਦੀ ਤੌਹੀਨ ਕਰ ਰਹੇ ਗੁਰਦਾਸ ਮਾਨ ਵਿਰੁੱਧ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਪੰਥਕ ਤੇ ਸਾਹਿਤਕ ਜਥੇਬੰਦੀਆਂ ਤੋਂ ਇਲਾਵਾ ਜਾਗਦੀ ਜ਼ਮੀਰ ਵਾਲੀਆਂ ਇਨਸਾਫ਼ਪੰਸਦ ਧਿਰਾਂ ਨੂੰ ਇਸ ਮਸਲੇ ’ਤੇ ਡਟ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਸਭਾ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਕੈਨੇਡਾ ਦੇ ਲਾਈਵ ਸ਼ੋਅ ਦੌਰਾਨ ਵਿਰੋਧ ਕਰ ਰਹੇ ਨੌਜਵਾਨਾਂ ਲਈ ਜੋ ਭਾਸ਼ਾ ਵਰਤੀ ਸੀ, ਉਹ ਸ਼ਬਦਾਵਲੀ ਗੁਰਮਤਿ ਆਸ਼ੇ ਤੇ ਭਾਰਤੀ ਦਰਸ਼ਨ ਦੇ ਬਿਲਕੁਲ ਵਿਰੁੱਧ ਸੀ। ਅਜਿਹੇ ਵਿੱਚ ਪੰਜਾਬੀ ਸਾਹਿਤ ਜਗਤ ਨੂੰ ਵੀ ਗੁਰਦਾਸ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ।
ਦਰਅਸਲ ਗੁਰਦਾਸ ਮਾਨ ਕੈਨੇਡਾ ਦੌਰੇ ਤੋਂ ਪਰਤ ਆਏ ਹਨ ਪਰ ਹੁਣ ਪੰਜਾਬ ਵਿੱਚ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲੰਘੇ ਦਿਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਗੁਰਦਾਸ ਮਾਨ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜੋ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਕਰਨ ਦਿਓ। ਇਸ ਮੌਕੇ ਗੁਰਦਾਸ ਮਾਨ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਪਰ ਉਨ੍ਹਾਂ ਨੇ ਆਪਣੇ ਬਿਆਨ ਬਾਰੇ ਕੋਈ ਸਫਾਈ ਨਹੀਂ ਦਿੱਤੀ। ਇਸ ਮੌਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ।
ਪੁਲਿਸ ਦੀ ਖੁਫੀਆ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਗੁਰਦਾਸ ਮਾਨ ਪ੍ਰਤੀ ਕਾਫੀ ਗੁੱਸਾ ਹੈ। ਇਸ ਲਈ ਅਗਲੇ ਦਿਨ ਪੂਰੀ ਚੌਕਸੀ ਵਰਤੀ ਜਾਏਗੀ। ਇਹ ਵੀ ਪਤਾ ਲੱਗਾ ਹੈ ਕਿ ਗੁਰਦਾਸ ਮਾਨ ਕੁਝ ਸਮਾਂ ਪੰਜਾਬ ਵਿੱਚ ਸ਼ੋਅ ਕਰਨ ਤੋਂ ਗੁਰੇਜ਼ ਹੀ ਕਰਨਗੇ। ਉਂਝ ਕੁਝ ਲੋਕ ਉਨ੍ਹਾਂ ਦੇ ਹੱਕ ਵਿੱਚ ਵੀ ਡਟੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਦੇ ਬਿਆਨ ਨੂੰ ਗਲਤ ਅਰਥਾਂ ਵਿੱਚ ਲਿਆ ਗਿਆ ਹੈ।