26.64 F
New York, US
February 22, 2025
PreetNama
religonਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਲਈ ਮਹਾਨ ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ ਸੂਬਾ ਸਰਕਾਰ

ਫ਼ਤਹਿਗੜ੍ਹ ਸਾਹਿਬ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਵੱਲੋਂ ਦਿੱਤੀ ਬੇਮਿਸਾਲ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰੇਗੀ।

ਇੱਥੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਮੁੱਖ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਇਹ ਕੁਰਬਾਨੀਆਂ ਵਿਸ਼ਵ ਭਰ ਦੇ ਮਨੁੱਖਤਾ ਦੇ ਇਤਿਹਾਸ ਵਿੱਚ ਬੇਮਿਸਾਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੁੱਚਾ ਪੰਜਾਬ ਇਸ ਮਹੀਨੇ ਨੂੰ ‘ਸੋਗ ਦੇ ਮਹੀਨੇ’ ਵਜੋਂ ਮਨਾਉਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਜ਼ਾਲਮ ਹਾਕਮਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦਿਆਂ ਹੀ ਨੀਂਹ ਵਿੱਚ ਚਿਣ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਨੂੰ ਇਸ ਲਾਸਾਨੀ ਅਤੇ ਬੇਮਿਸਾਲ ਕੁਰਬਾਨੀ ‘ਤੇ ਮਾਣ ਹੈ, ਜੋ ਪੰਜਾਬੀਆਂ, ਸਾਡੇ ਦੇਸ਼ ਵਾਸੀਆਂ ਲਈ ਹੀ ਨਹੀਂ, ਸਗੋਂ ਦੁਨੀਆ ਭਰ ਵਿਚ ਵਸਦੇ ਹਰੇਕ ਵਿਅਕਤੀ ਲਈ ਸਤਿਕਾਰ ਵਾਲੀ ਗੱਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਖਿੱਤੇ ਦੀ ਇਕ-ਇਕ ਇੰਚ ਜ਼ਮੀਨ ਅਤਿ ਪਵਿੱਤਰ ਹੈ, ਜਿਸ ਕਾਰਨ ਲੋਕ ਵੱਡੀ ਗਿਣਤੀ ਵਿੱਚ ਇਸ ਪਵਿੱਤਰ ਅਸਥਾਨ ‘ਤੇ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਚੇਤਿਆਂ ਦੇ ਸਮੇਂ ਤੋਂ ਹੀ ਦਸਵੇਂ ਸਿੱਖ ਗੁਰੂ ਸਾਹਿਬਾਨ ਦੀ ਮਾਤਾ ਅਤੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਹਰ ਸਾਲ ਸ਼ਹੀਦੀ ਜੋੜ ਮੇਲ ਮਨਾਇਆ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੁਨੀਆ ਦੇ ਇਤਿਹਾਸ ਵਿੱਚ ਲਾਸਾਨੀ ਕੁਰਬਾਨੀ ਲਈ ਸਮੁੱਚਾ ਵਿਸ਼ਵ ਸ਼ਰਧਾਂਜਲੀ ਭੇਟ ਕਰ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਬਹਾਦਰੀ ਅਤੇ ਨਿਰਸਵਾਰਥ ਸੇਵਾ ਦੇ ਗੁਣ ਦਸਮੇਸ਼ ਪਿਤਾ ਤੋਂ ਵਿਰਸੇ ਵਿੱਚ ਮਿਲੇ ਹਨ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਅਣਥੱਕ ਲੜਾਈ ਲੜੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਅਣਗਿਣਤ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜੋ ਸਾਡੇ ਮਹਾਨ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਿਤ ਹੈ, ਜਿਨ੍ਹਾਂ ਨੇ ਦੇਸ਼ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਦੇਸ਼ ਲਈ ਨਿਰਸਵਾਰਥ ਕੁਰਬਾਨੀਆਂ ਲਈ ਪ੍ਰੇਰਿਤ ਕਰਨ ਲਈ ਇਸ ਮਹਾਨ ਕੁਰਬਾਨੀ ਤੋਂ ਜਾਣੂੰ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਇਹ ਵੀ ਚੇਤੇ ਕੀਤਾ ਕਿ ਲੋਕ ਸਭਾ ਮੈਂਬਰ ਵਜੋਂ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਤਤਕਾਲੀ ਲੋਕ ਸਭਾ ਸਪੀਕਰ ਕੋਲ ਪੈਰਵੀ ਕਰਨ ਉੱਤੇ ਸਦਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕੀਤੀ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਛੋਟੀ ਉਮਰ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੇ ਸਰਹਿੰਦ ਦੇ ਮੁਗ਼ਲ ਸੂਬੇਦਾਰ ਦੀ ਤਾਕਤ ਦਾ ਡਟ ਕੇ ਮੁਕਾਬਲਾ ਕਰਨ ਲਈ ਮਿਸਾਲੀ ਦਲੇਰੀ ਅਤੇ ਨਿਡਰਤਾ ਦਾ ਸਬੂਤ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਉਨ੍ਹਾਂ ਨੂੰ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਉਂਕਿ ਸੂਬਾ ਸਰਕਾਰ ਮਹਾਨ ਸਿੱਖ ਗੁਰੂਆਂ ਅਤੇ ਸ਼ਹੀਦਾਂ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਸਮਾਜ ਦੇ ਹਰ ਵਰਗ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ।

Related posts

ਅਮਰੀਕੀ ਚੋਣ ਨਤੀਜਿਆਂ ‘ਚ ਫਸਿਆ ਪੇਚ, ਜਾਣੋ ਹੁਣ ਅੱਗੇ ਕੀ ਹੋਏਗਾ

On Punjab

ਇਟਲੀ ਸਰਕਾਰ ਦਾ ਵੱਡਾ ਐਲਾਨ, ਇੰਗਲੈਂਡ ਸਣੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਇਕਾਂਤਵਾਸ ਦੀ ਸ਼ਰਤ ਹਟਾਈ

On Punjab

ਕਰਤਾਰਪੁਰ ਕੌਰੀਡੋਰ: ਪਾਕਿਸਤਾਨੀ ਟੀਮ ਆਵੇਗੀ ਡੇਰਾ ਬਾਬਾ ਨਾਨਕ, ਹੁਣ ਇਹ ਰੁਕਿਆ ਕੰਮ ਹੋਵੇਗਾ ਸ਼ੁਰੂ

On Punjab