ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ (Ranjit Singh Murder Case) ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਗੁਰਮੀਤ ਰਾਮ ਰਹੀਮ (Gurmeet Ram Rahim) ਨੇ ਅਦਾਲਤ ਤੋਂ ਰਹਿਮ ਦੀ ਭੀਖ ਮੰਗੀ ਹੈ। ਉਸ ਨੇ ਵਕੀਲ ਜ਼ਰੀਏ ਅਦਾਲਤ ਨੂੰ ਕਿਹਾ ਕਿ ਉਸ ਨੂੰ ਬਲੱਡ ਪ੍ਰੈਸ਼ਰ (ਬੀਪੀ) ਅਤੇ ਪੱਥਰੀ ਦੀ ਸਮੱਸਿਆ ਹੈ। ਅੱਖਾਂ ਕਮਜ਼ੋਰ ਹੋਣ ਕਾਰਨ ਘੱਟ ਦਿਸਦਾ ਹੈ। ਅਜਿਹੇ ’ਚ ਉਸ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ। ਹਾਲਾਂਕਿ, ਦੂਸਰੇ ਪੱਖ ਨੇ ਇਸ ਦਾ ਵਿਰੋਧ ਕੀਤਾ ਅਤੇ ਵੱਧ ਤੋਂ ਵੱਧ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ। ਓਧਰ ਇਸ ਮਾਮਲੇ ਵਿਚ ਮੰਗਲਵਾਰ ਨੂੰ ਸਜ਼ਾ ’ਤੇ ਫ਼ੈਸਲਾ ਨਹੀਂ ਹੋ ਸਕਿਆ। ਹੁਣ 18 ਅਕਤੂਬਰ ਨੂੰ ਸੁਣਵਾਈ ਹੋਵੇਗੀ।
ਸਜ਼ਾ ਨੂੰ ਲੈ ਕੇ ਮੰਗਲਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਸੀਬੀਆਈ ਅਤੇ ਬਚਾਅ ਪੱਖ ਵੱਲੋਂ ਬਹਿਸ ਕੀਤੀ ਗਈ। ਇਸ ਦੌਰਾਨ ਗੁਰਮੀਤ ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਨੂੰ ਬਲੱਡ ਪ੍ਰੈਸ਼ਰ ਤੇ ਪੱਥਰੀ ਦੀ ਸਮੱਸਿਆ ਹੈ, ਉਸ ਨੂੰ ਘੱਟ ਦਿਸਦਾ ਹੈ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਵੱਲੋਂ ਬਹੁਤ ਸਾਰੇ ਸਮਾਜਿਕ ਕੰਮ ਕੀਤੇ ਗਏ ਹਨ, ਜਿਨ੍ਹਾਂ ’ਚ ਅੱਖਾਂ ਦੇ ਚੈੱਕਅਪ ਕੈਂਪ ਲਗਵਾਉਣੇ, ਪੌਦੇ ਲਗਾਉਣੇ, ਖ਼ੂਨਦਾਨ ਕੈਂਪ ਲਗਾਉਣੇ, ਭੂਚਾਲ ਦੇ ਸਮੇਂ ਹਜ਼ਾਰਾਂ ਲੋਕਾਂ ਲਈ ਰਾਹਤ ਸਮੱਗਰੀ ਭੇਜਣਾ ਆਦਿ ਸ਼ਾਮਲ ਹਨ। ਉਕਤ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ।
ਸੀਬੀਆਈ ਦੇ ਵਕੀਲ ਐੱਚਪੀਐੱਸ ਵਰਮਾ ਨੇ ਕਿਹਾ ਕਿ ਧਾਰਾ 302 ਤਹਿਤ ਜਿੰਨੀ ਵੱਧ ਸਜ਼ਾ ਹੁੰਦੀ ਹੈ, ਉਹ ਗੁਰਮੀਤ ਨੂੰ ਹੋਣੀ ਚਾਹੀਦੀ ਹੈ, ਕਿਉਂਕਿ ਉਸ ਵੱਲੋਂ ਕੀਤਾ ਗਿਆ ਅਪਰਾਧ ਵਹਿਸ਼ੀ ਹੈ।