ਨਵੀਂ ਦਿੱਲੀ-ਦਿੱਲੀ ਦੀ ਇੱਕ ਅਦਾਲਤ ਨੇ ਰਾਜਧਾਨੀ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਇੱਕ ਜਿਮ ਮਾਲਕ ਦੇ ਕਤਲ ਮਾਮਲੇ ਵਿੱਚ ਅੱਜ ਕਥਿਤ ਗੈਂਗਸਟਰ ਹਾਸ਼ਿਮ ਬਾਬਾ ਦੀ ਪਤਨੀ ਨੂੰ ਦੋ ਹਫ਼ਤਿਆਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਨੁਜ ਕੁਮਾਰ ਸਿੰਘ ਨੇ ਪੁਲੀਸ ਵੱਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਦਾਇਰ ਅਰਜ਼ੀ ’ਤੇ ਜ਼ੋਇਆ ਖ਼ਾਨ ਨੂੰ ਜੇਲ੍ਹ ਭੇਜ ਦਿੱਤਾ ਹੈ।
ਪੁਲੀਸ ਨੇ ਵੱਡੀ ਸਾਜ਼ਿਸ਼ ਦਾ ਪਤਾ ਲਗਾਉਣ ਅਤੇ ਮਾਮਲੇ ਵਿੱਚ ਉਸਦੀ ਭੂਮਿਕਾ ਨੂੰ ਤੈਅ ਕਰਨ ਲਈ ਖਾਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਬਾਬਾ ਤੋਂ ਇਲਾਵਾ ਪੁਲੀਸ ਨੂੰ ਇਸ ਕਤਲ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਪੁਲੀਸ ਨੇ ਕਿਹਾ ਕਿ ਉਹ ਅਪਰਾਧ ਵਿੱਚ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕਰਨਾ ਚਾਹੁੰਦੀ ਹੈ ਅਤੇ ਦੋਸ਼ ਲਾਇਆ ਕਿ ਸਾਰੇ ਮੁਲਜ਼ਮ ਐਪ-ਅਧਾਰਿਤ ਐਨਕ੍ਰਿਪਟਡ ਕਾਲਾਂ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਪੀੜਤ ਨਾਦਿਰ ਸ਼ਾਹ ਦਾ ਅਪਰਾਧਿਕ ਰਿਕਾਰਡ ਸੀ ਜਿਸ ਵਿੱਚ ਡਕੈਤੀ ਅਤੇ ਇਰਾਦਾ ਕਤਲ ਦੇ ਦੋਸ਼ ਸ਼ਾਮਲ ਸਨ। ਜ਼ੋਇਆ ਨੇ ਅਦਾਲਤ ਵਿੱਚ ਕਿਹਾ, “ਮੇਰਾ ਇੱਕੋ ਇੱਕ ਅਪਰਾਧ ਇਹ ਹੈ ਕਿ ਮੈਂ ਹਾਸ਼ਿਮ ਬਾਬਾ ਦੀ ਬੀਵੀ ਹਾਂ। ਮੈਂ ਉਸ ਦੇ ਕਿਸੇ ਵੀ ਜੁਰਮ ਵਿੱਚ ਸ਼ਾਮਲ ਨਹੀਂ ਹਾਂ।’’