ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਜੇਲ੍ਹ ’ਚ ਹੋਈ ਗੈਂਗਵਾਰ ਤੋਂ ਬਾਅਦ ਲੀਕ ਹੋਈ ਵੀਡੀਓ ਦੇ ਮਾਮਲੇ ’ਚ ਗ੍ਰਿਫ਼ਤਾਰ ਜੇਲ੍ਹ ਸੁਪਰਡੈਂਟ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਅੱਜ ਖਡੁਰ ਸਾਹਿਬ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜਿੱਥੇ ਖਡੂੁਰ ਸਾਹਿਬ ਅਦਾਲਤ ਨੇ 5 ਪੁਲਿਸ ਮੁਲਾਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।
ਦੱਸ ਦੇਈਏ ਕਿ ਗੋਇੰਦਵਾਲ ਜੇਲ੍ਹ ’ਚ ਹੋਈ ਗੈਂਗਵਾਰ ਦੇ ਮਾਮਲੇ ’ਚ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ, ਵਧੀਕ ਜੇਲ੍ਹ ਸੁਪਰਡੈਂਟ ਵਿਜੇ ਕੁਮਾਰ, ਸਹਾਇਕ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ, ਏ.ਐੱਸ.ਆਈ. ਹਰਭਜਨ ਸਿੰਘ ਅਤੇ ਏ.ਐੱਸ.ਆਈ. ਗੁਰਵਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ’ਚ ਅਦਾਲਤ ਵੱਲੋਂ ਰਿਮਾਂਡ ਦੀ ਮੰਗ ਨੂੰ ਠੁਕਰਾ ਦਿੱਤਾ ਗਿਆ ਹੈ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਗਿਆ ਕਿ ਉਨ੍ਹਾਂ ਵਿਰੁੱਧ ਜੋ ਧਾਰਾਵਾਂ ਲਗਾਈਆਂ ਗਈਆਂ ਹਨ, ਉਹ ਜ਼ਮਾਨਤਯੋਗ ਹਨ।
ਦੱਸ ਦੇਈਏ ਕਿ ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ ‘ਚ ਪੰਜਾਬ ਸਰਕਾਰ ਨੇ ਬੀਤੇ ਕੱਲ ਵੱਡੀ ਕਾਰਵਾਈ ਕਰਦਿਆਂ 7 ਜੇਲ੍ਹ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਸੀ , ਜਦੋਂਕਿ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਜਾਣਕਾਰੀ ਆਈਜੀ ਸੁਖਚੈਨ ਸਿੰਘ ਗਿੱਲ ਦੇ ਵਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਸੀ ਕਿ ਜੇਲ੍ਹ ਦੇ ਸੁਪਰਡੈਂਟ ਇਕਬਾਲ ਬਰਾੜ, ਵਿਜੇ ਕੁਮਾਰ ਅਡਿਸ਼ਨਲ ਸੁਪਰਡੈਂਟ, ਜਸਪਾਲ ਸਿੰਘ ਖ਼ਹਿਰਾ ਅਡਿਸ਼ਨਲ ਸੁਪਰਡੈਂਟ ਜੇਲ੍ਹ, ਇਸ ਤੋਂ ਇਲਾਵਾ ਏਐਸਆਈ ਹਰਚੰਦ ਸਿੰਘ, ਏਐਸਆਈ ਜੋਗਿੰਦਰ ਸਿੰਘ, ਹੈੱਡ ਕਾਂਸਟੇਬਲ ਸਵਿੰਦਰ ਸਿੰਘ, ਹਰੀਸ਼ ਕੁਮਾਰ ਸਹਾਇਕ ਸੁਪਰਡੈਂਟ ਤੇ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਗੋਇੰਦਵਾਲ ਜੇਲ੍ਹ ‘ਚੋਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਵਿਚਾਲੇ ਹੋਈ ਗੈਂਗਵਾਰ ਤੋਂ ਬਾਅਦ ਦੋ ਵੀਡੀਓ ਸਾਹਮਣੇ ਆਈਆਂ ਸਨ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਨੂੰ ਲਾਰੈਂਸ ਗੈਂਗ ਦੇ ਸਚਿਨ ਭਿਵਾਨੀ ਵੱਲੋਂ ਬਣਾਈ ਗਈ ਹੈ। ਜਿਸ ‘ਚ ਅੰਕਿਤ ਸੇਰਸਾ ਤੋਂ ਇਲਾਵਾ ਕਈ ਹੋਰ ਗੈਂਗਸਟਰ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਗੈਂਗਸਟਰ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਵਾਇਰਲ ਹੋ ਰਹੀ ਪਹਿਲੀਂ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਚਿਨ ਭਿਵਾਨੀ ਜੇਲ੍ਹ ਦੇ ਅੰਦਰ ਮਾਰ ਕੇ ਸੁੱਟੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀਆਂ ਲਾਸ਼ਾਂ ਦਿਖਾ ਰਿਹਾ ਹੈ ਪਰ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ ਗੈਂਗਸਟਰ ਖੁੱਲ੍ਹੇਆਮ ਦੋਵਾਂ ਦੀਆਂ ਲਾਸ਼ਾਂ ਦਿਖਾ ਕੇ ਆਪਣੀ ਪਿੱਠ ਥਪਥਪਾਉਂਦੇ ਹਨ। ਜਦਿਕ ਦੂਜੀ ਵੀਡੀਓ ’ਚ ਲਾਰੈਂਸ ਦੇ ਬਾਕੀ ਸਾਥੀ ਸਚਿਨ ਭਿਵਾਨੀ ਦੇ ਨਾਲ ਇਕੱਠੇ ਹੋਏ ਹਨ। ਜਿਸ ਵਿੱਚ ਉਹ ਤੂਫਾਨ ਅਤੇ ਮੋਹਨਾ ਨੂੰ ਮਾਰਨ ਦਾ ਜਸ਼ਨ ਮਨਾ ਰਹੇ ਹੈ। ਉਹ ਧਮਕੀਆਂ ਵੀ ਦੇ ਰਹੇ ਹਨ ਕਿ ਜੇਕਰ ਅਸੀਂ ਮੂਸੇਵਾਲਾ ਨੂੰ ਮਾਰਿਆ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।