ਨਵੀਂ ਦਿੱਲੀ: ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਇੰਡੀਆ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਗੰਭੀਰ ਨੇ ਧਿਆਨਚੰਦ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਤੋਂ ਵੱਡਾ ਖਿਡਾਰੀ ਨਾ ਤਾਂ ਪੈਦਾ ਹੋਇਆ ਹੈ ਅਤੇ ਨਾ ਹੀ ਹੋਵੇਗਾ।
ਗੌਤਮ ਗੰਭੀਰ ਨੇ ਕਿਹਾ, “ਭਾਰਤ ਦੇ ਇਤਿਹਾਸ ‘ਚ ਕੋਈ ਵੀ ਖਿਡਾਰੀ ਮੇਜਰ ਧਿਆਨਚੰਦ ਤੋਂ ਵੱਡਾ ਨਾ ਤਾਂ ਪੈਦਾ ਹੋਇਆ ਹੈ ਤੇ ਨਾ ਹੀ ਹੋਵੇਗਾ। ਉਹ ਦੇਸ਼ ਲਈ ਗੋਲ੍ਡ ਮੈਡਲ ਲੈ ਕੇ ਆਏ ਸੀ ਅਤੇ ਉਸ ਸਮੇਂ ਲੈ ਕੇ ਜਦੋਂ ਖੇਡ ਇੰਨੀ ਮਸ਼ਹੂਰ ਨਹੀਂ ਸੀ। ਮੈਂ ਚਾਹੁੰਦਾ ਹਾਂ ਕਿ ਮੇਜਰ ਧਿਆਨਚੰਦ ਨੂੰ ਜਲਦ ਤੋਂ ਜਲਦ ਭਾਰਤ ਰਤਨ ਮਿਲੇ। ਇਸ ਨਾਲ ਸਾਰਾ ਦੇਸ਼ ਬਹੁਤ ਖੁਸ਼ ਹੋਵੇਗਾ।”
ਮੇਜਰ ਧਿਆਨਚੰਦ ਨੂੰ ਹਾਕੀ ਦਾ ਜਾਦੂਗਰ ਕਹਿਣ ਦੇ ਪਿੱਛੇ ਦਾ ਕਾਰਨ ਮੈਦਾਨ ‘ਚ ਉਨ੍ਹਾਂ ਦਾ ਪ੍ਰਦਰਸ਼ਨ ਹੈ। ਉਨ੍ਹਾਂ ਸਾਲ 1928, 1932 ਅਤੇ 1936 ‘ਚ ਤਿੰਨ ਓਲੰਪਿਕ ਗੋਲ੍ਡ ਮੈਡਲ ਜਿੱਤੇ ਸੀ। ਇਸ ਖਿਡਾਰੀ ਦੀ ਸਫਲਤਾ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਧਿਆਨਚੰਦ ਨੇ ਆਪਣੇ ਕਰੀਅਰ ਵਿੱਚ 400 ਤੋਂ ਵੱਧ ਗੋਲ ਕੀਤੇ। ਭਾਰਤ ਸਰਕਾਰ ਨੇ ਧਿਆਨਚੰਦ ਨੂੰ 1956 ‘ਚ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਇਸ ਲਈ ਉਨ੍ਹਾਂ ਦਾ ਜਨਮਦਿਨ ਅਰਥਾਤ 29 ਅਗਸਤ ਭਾਰਤ ‘ਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਮੇਜਰ ਧਿਆਨਚੰਦ ਨੂੰ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦਿੱਤਾ ਗਿਆ। ਸਾਲ 1956 ‘ਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਧਿਆਨਚੰਦ ਨੇ ਹਾਕੀ ‘ਚ ਇਕ ਤੋਂ ਬਾਅਦ ਇਕ ਰਿਕਾਰਡ ਬਣਾਏ ਹਨ, ਜਿਨ੍ਹਾਂ ਤੱਕ ਅੱਜ ਵੀ ਕੋਈ ਖਿਡਾਰੀ ਨਹੀਂ ਪਹੁੰਚ ਸਕਿਆ। ਇਸ ਮਹਾਨ ਖਿਡਾਰੀ ਦੀ ਯਾਦ ਵਿਚ ਅੱਜ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ।