ਖੰਡਵਾਲਾ ਨੇੜੇ ਨਿਊ ਮਾਡਲ ਟਾਊਨ ‘ਚ ਰਹਿਣ ਵਾਲੇ ਸਿੱਖ ਨੌਜਵਾਨ ਮਨਦੀਪ ਸਿੰਘ ਨੇ ਆਪਣੇ ਦੋ ਬੱਚਿਆਂ ਨਾਲ ਤਾਰਾਂਵਾਲਾ ਪੁਲ਼ ਤੋਂ ਨਹਿਰ ‘ਚ ਛਾਲ ਮਾਰ ਦਿੱਤੀ। ਉਹ ਐਤਵਾਰ ਰਾਤ ਬੱਚਿਆਂ ਨੂੰ ਆਈਸਕ੍ਰੀਮ ਖਵਾਉਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ ਜਦੋਂ ਉਹ ਘਰ ਨਹੀਂ ਪੁੱਜਾ ਤਾਂ ਉਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਪੁਲਿਸ ਨੇ ਮੋਬਾਈਲ ਲੋਕੇਸ਼ਨ ਟ੍ਰੇਸ ਕੀਤੀ ਤਾਂ ਉਸ ਦੀ ਲੋਕੇਸ਼ਨ ਤਾਰਾਂਵਾਲਾ ਪੁਲ ਦੀ ਆਈ। ਘਟਨਾ ਵਾਲੀ ਥਾਂ ‘ਤੇ ਜਦੋਂ ਪੁਲਿਸ ਤੇ ਪਰਿਵਾਰ ਵਾਲੇ ਪਹੁੰਚੇ ਤਾਂ ਉੱਥੋਂ ਉਸ ਦੀ ਮੋਟਰਸਾਈਕਲ, ਮੋਬਾਈਲ ਫੋਨ, ਬੱਚੇ ਦੀ ਐਨਕ ਤੇ ਉਸ ਦੀਆਂ ਚੱਪਲਾਂ ਬਰਾਮਦ ਹੋਈਆਂ। ਫਿਲਹਾਲ ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਨਹਿਰ ‘ਚ ਤਿੰਨਾਂ ਦੀ ਤਲਾਸ਼ ਕਰਨ ਵਿਚ ਜੁਟੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਗੋਤਾਖੋਰਾਂ ਵੱਲੋਂ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਤਿੰਨੋਂ ਜ਼ਿੰਦਾ ਹਨ ਜਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਖੰਡਵਾਲਾ ਨਿਊ ਮਾਡਲ ਟਾਊਨ ਨਿਵਾਸੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ 33 ਸਾਲਾ ਬੇਟਾ ਮਨਦੀਪ ਸਿੰਘ ਐਤਵਾਰ ਸ਼ਾਮ ਨੂੰ ਗੁਰਦੁਆਰਾ ਛੇਹਰਟਾ ਸਾਹਿਬ ‘ਚ ਸੇਵਾ ਕਰਨ ਤੋਂ ਬਾਅਦ ਘਰ ਪੁੱਜਾ ਸੀ। ਸ਼ਾਮ ਸਾਢੇ 6 ਵਜੇ ਦੇ ਕਰੀਬ ਉਸ ਨੇ ਆਪਣੇ 7 ਸਾਲਾ ਬੇਟੇ ਗੁਰਪ੍ਰੀਤ ਸਿੰਘ ਤੇ ਡੇਢ ਸਾਲਾ ਬੇਟੇ ਰੋਬਿਨਜੀਤ ਸਿੰਘ ਨੂੰ ਨਾਲ ਲਿਆ ਤੇ ਕਹਿਣ ਲੱਗਾ ਕਿ ਉਨ੍ਹਾਂ ਨੂੰ ਆਈਸਕ੍ਰੀਮ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ। ਰਾਤ ਸਾਢੇ 8 ਵਜੇ ਤਕ ਉਹ ਘਰ ਨਹੀਂ ਆਇਆ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਉਸ ਦੇ ਮੋਬਾਈਲ ਫੋਨ ਨੂੰ ਟ੍ਰੇਸ ਕੀਤਾ ਤਾਂ ਉਸ ਦੀ ਲੋਕੇਸ਼ਨ ਤਾਰਾਂਵਾਲਾ ਪੁਲ਼ ਨੇੜੇ ਆਈ। ਘਟਨਾ ਵਾਲੀ ਤਾਂ ‘ਤੇ ਜਦੋਂ ਉਹ ਪੱਜੇ ਤਾਂ ਦੇਖਿਆ ਕਿ ਉਸ ਦੀ ਮੋਟਰਸਾਈਕਲ ਸੜਕ ‘ਤੇ ਖੜ੍ਹੀ ਸੀ ਤੇ ਮੋਬਾਈਲ ਫੋਨ ਵੀ ਉੱਥੇ ਪਿਆ ਸੀ। ਬੱਚਿਆਂ ਦੀ ਐਨਕ ਤੇ ਚੱਪਲਾਂ ਵੀ ਉੱਥੇ ਪਈਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਦਾ ਕਿਸੇ ਨਾਲ ਲੈਣ-ਦੇਣ ਵੀ ਨਹੀਂ ਸੀ।
ਪਿਤਾ ਹੋਏ ਪੰਜਾਬ ਪੁਲਿਸ ਤੋਂ ਸੇਵਾ ਮੁਕਤ
ਮਾਂ ਨੇ ਦੱਸਿਆ ਕਿ ਮਨਦੀਪ ਨਿਟਿੰਗ ਫੈਕਟਰੀ ‘ਚ ਕੰਮ ਕਰਦਾ ਸੀ। ਮਨਦੀਪ ਦੇ ਪਿਤਾ ਅਵਤਾਰ ਸਿੰਘ ਪੰਜਾਬ ਪੁਲਿਸ ‘ਚ ਸਨ ਤੇ ਹਾਲ ਹੀ ‘ਚ ਉਨ੍ਹਾਂ ਦੀ ਰਿਟਾਇਰਮੈਂਟ ਹੋਈ ਹੈ। ਪਰਿਵਾਰ ਦੀ ਆਰਥਿਕ ਹਾਲਤ ਵੀ ਬਿਲਕੁਲ ਠੀਕ ਸੀ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।