ਚੀਨ ਤੇ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਬਾਰੇ ਸਹੀ ਤਰੀਕੇ ਜਾਣਕਾਰੀ ਨਾ ਦੇਣ ਦੇ ਇਲਜ਼ਾਮ ਲੱਗਦੇ ਆ ਰਹੇ ਹਨ। ਅਜਿਹੇ ‘ਚ ਚੀਨ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਸ਼ੁਰੂ ‘ਚ ਪਤਾ ਲਾਉਣ ਵਾਲੇ ਇਕ ਚੀਨੀ ਡਾਕਟਰ ਨੇ ਸਥਾਨਕ ਪ੍ਰਸ਼ਾਸਨ ‘ਤੇ ਇਸ ਮਾਮਲੇ ‘ਚ ਤੱਥ ਲੁਕਾਉਣ ਦੇ ਇਲਜ਼ਾਮ ਲਾਏ ਹਨ।
ਡਾਕਟਰ ਨੇ ਕਿਹਾ ਕੋਰੋਨਾ ਵਾਇਰਸ ਦੇ ਕੇਂਦਰ ਵੁਹਾਨ ‘ਚ ਇਸ ਮਹਾਮਾਰੀ ਨੂੰ ਲੈਕੇ ਸ਼ੁਰੂਆਤੀ ਪੱਧਰ ‘ਤੇ ਹੀ ਗੜਬੜ ਕੀਤੀ ਗਈ। ਜਦੋਂ ਉਹ ਉੱਥੇ ਜਾਂਚ ਲਈ ਗਏ ਤਾਂ ਉਸ ਤੋਂ ਪਹਿਲਾਂ ਹੀ ਸਬੂਤ ਨਸ਼ਟ ਕਰ ਦਿੱਤੇ ਗਏ ਸਨ। ਹਾਂਗਕਾਂਗ ਦੇ ਸੂਖਮਜੀਵ ਵਿਗਿਆਨ ਅਤੇ ਚਿਕਿਤਸਾ ਦੇ ਪ੍ਰੋਫੈਸਰ ਕਵੋਕ-ਯੰਗ ਯੂਐਨ ਨੇ ਇਹ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਵੁਹਾਨ ਦੇ ਜੰਗਲੀ ਜੀਵ ਬਜ਼ਾਰ ‘ਚ ਸਬੂਤ ਨਸ਼ਟ ਕਰ ਦਿੱਤੇ ਗਏ ਸਨ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਹੁਵਾਨ ਦੇ ਸੁਪਰ ਮਾਰਕੀਟ ‘ਚ ਗਏ ਤਾਂ ਵਾਕਯ ਹੀ ਉੱਥੇ ਦੇਖਣ ਲਈ ਕੁਝ ਵੀ ਨਹੀਂ ਸੀ। ਕਿਉਂਕਿ ਬਜ਼ਾਰ ਦੀ ਪਹਿਲਾਂ ਹੀ ਸਫਾਈ ਕਰ ਦਿੱਤੀ ਗਈ ਸੀ। ਅਸੀਂ ਅਜਿਹਾ ਕੁਝ ਨਹੀਂ ਪਛਾਣ ਸਕੇ ਜੋ ਇਨਸਾਨਾਂ ‘ਚ ਵਾਇਰਸ ਫੈਲਾ ਰਿਹਾ ਹੋਵੇ।
ਉਨ੍ਹਾਂ ਸ਼ੱਕ ਜਤਾਇਆ ਕਿ ਵੁਹਾਨ ‘ਚ ਸਥਾਨਕ ਪੱਧਰ ‘ਤੇ ਕੁਝ ਗੜਬੜ ਕੀਤੀ ਗਈ ਹੈ। ਜਿੰਨ੍ਹਾਂ ਸਥਾਨਕ ਅਧਿਕਾਰੀਆਂ ਨੇ ਤਤਕਾਲ ਸੂਚਨਾ ਅੱਗੇ ਭੇਜਣੀ ਸੀ ਉਨ੍ਹਾਂ ਨੇ ਛੇਤੀ ਨਹੀਂ ਭੇਜੀ।
ਜੌਨਸ ਹੌਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਚੀਨ ‘ਚ ਕੋਵਿਡ-19 ਦੇ 86,570 ਮਾਮਲੇ ਸਾਹਮਣੇ ਆਏ ਹਨ ਤੇ 4,652 ਮੌਤਾਂ ਹੋਈਆਂ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਇਸ ਬਿਮਾਰੀ ਦੀ ਗੰਭੀਰਤਾ ਬਾਰੇ ਦੁਨੀਆਂ ਨੂੰ ਨਾ ਦੱਸਣ ਨੂੰ ਲੈਕੇ ਚੀਨ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਚੀਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।