ਇਕ ਵਾਰ ਫਿਰ ਤੋਂ ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਵਧ ਰਿਹਾ ਹੈ। ਵੂਹਾਨ ਸ਼ਹਿਰ ਤੋਂ ਫੈਲੇ ਇਸ ਸੰਕ੍ਰਮਣ ਤੋਂ ਹਾਲੇ ਤਕ ਪੂਰੀ ਦੁਨੀਆ ਜੂਝ ਰਹੀ ਹੈ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਜਿਆਂਗਸੂ ਸੂਬੇ ‘ਚ ਸਥਾਨਕ ਪੱਧਰ ‘ਤੇ ਸੰਕ੍ਰਮਣ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਸਥਾਨਕ ਸਿਹਤ ਕਮਿਸ਼ਨ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ‘ਚ ਸੂਬਾਈ ਰਾਜਧਾਨੀ ਨਾਨਜਿੰਗ ‘ਚ 11, ਯੰਗਜਹੌ ਸ਼ਹਿਰ ‘ਚ 26 ਤੇ ਹੁਆਆਨ ‘ਚ ਤਿੰਨ ਹੋਰ ਲੋਕ ਸ਼ਾਮਲ ਹਨ। ਸਾਰੇ ਸੰਕ੍ਰਮਿਤ ਰੋਗੀਆਂ ਨੂੰ ਇਲਾਜ ਹਸਪਤਾਲਾਂ ‘ਚ ਇਲਾਜ ਲਈ ਭੇਜਿਆ ਗਿਆ ਹੈ।
9.3 ਮਿਲੀਅਨ ਤੋਂ ਜ਼ਿਆਦਾ ਦੀ ਆਬਾਦੀ ਵਾਲੀ ਸੂਬਾਈ ਰਾਜਧਾਨੀ ‘ਚ ਕੁੱਲ 215 ਸਥਾਨਕ ਰੂਪ ‘ਚ ਮਾਮਲੇ ਦਰਜ ਹੋਏ ਹਨ। ਮੌਜੂਦਾ ਸਮੇਂ ‘ਚ ਜਿਆਂਗਸੂ ‘ਚ 297 ਮਰੀਜ਼ ਹਾਲੇ ਵੀ ਹਸਪਤਾਲ ‘ਚ ਭਰਤੀ ਹਨ ਜਿਨ੍ਹਾਂ ‘ਚ 282 ਸਥਾਨਕ ਰੂਪ ਤੋਂ ਪ੍ਰਸਾਰਿਤ ਮਾਮਲੇ ਸ਼ਾਮਲ ਹਨ।
ਚੀਨ ਦ 18 ਸੂਬਿਆਂ ‘ਚ ਫੈਲਿਆ ਡੈਲਟਾ ਵੇਰੀਐਂਟ
ਜ਼ਿਕਰਯੋਗ ਹੈ ਕਿ ਚੀਨ ਦੇ 18 ਸੂਬਿਆਂ ‘ਚ ਕੋਰੋਨਾ ਦਾ ਡੈਲਟਾ ਵੇਰੀਐਂਟ ਫੈਲ ਚੁੱਕਾ ਹੈ। ਇਨ੍ਹਾਂ ਸੂਬਿਆਂ ਦੇ 27 ਸ਼ਹਿਰਾਂ ‘ਚ ਪਿਛਲੇ 10 ਦਿਨਾਂ ‘ਚ ਸੰਕ੍ਰਮਣ ਦੇ 300 ਮਾਮਲੇ ਵੀ ਦਰਜ ਹੋਏ ਹਨ। ਇਨ੍ਹਾਂ ਸ਼ਹਿਰਾਂ ‘ਚ ਬੀਜਿੰਗ, ਜਿਆਂਗਸੂ ਤੇ ਸਿਚੂਆਨ ਸ਼ਾਮਲ ਹਨ।
ਅਮਰੀਕਾ ਦਾ ਫਲੋਰਿਡਾ ਬਣਿਆ ਕੋਰੋਨਾ ਦਾ ਨਵਾਂ ਹਾਟ ਸਪਾਟ
ਜ਼ਿਕਰਯੋਗ ਹੈ ਕਿ ਦੁਨੀਆ ‘ਚ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਅਮਰੀਕਾ ਇਸ ਸਮੇਂ ਬੇਹੱਦ ਹੀ ਬੁਰੀ ਸਥਿਤੀ ‘ਚ ਹੈ। ਫਲੋਰਿਡਾ ਕੋਰੋਨਾ ਵਾਇਰਸ ਦਾ ਨਵਾਂ ਹਾਟਸਪਾਟ ਬਣ ਚੁੱਕਾ ਹੈ। ਰਿਪੋਰਟ ਮੁਤਾਬਕ ਫਲੋਰਿਡਾ ‘ਚ ਕੋਰੋਨਾ ਦੇ 21,683 ਨਵੇਂ ਮਾਮਲੇ ਦਰਜ ਹੋਏ ਹਨ। ਜ਼ਿਕਰਯੋਗ ਹੈ ਕਿ ਇੱਥੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਕ ਦਿਨ ‘ਚ ਏਨੇ ਜ਼ਿਆਦਾ ਕੇਸ ਦਰਜ ਹੋਏ ਹੋਣ। ਦੂਜੇ ਪਾਸੇ ਆਸਟ੍ਰੇਲੀਆ ‘ਚ ਕੋਰੋਨਾ ਪਾਬੰਦੀਆਂ ਤੋਂ ਬਾਅਦ ਵੀ ਲਗਾਤਾਰ ਮਾਮਲੇ ਵਧ ਰਹੇ ਹਨ। ਤਾਜ਼ਾ ਰਿਪੋਰਟ ਮੁਤਾਬਕ ਆਸਟ੍ਰੇਲੀਆ ਨੇ ਬ੍ਰਿਸਬੇਨ ‘ਚ ਲਾਕਡਾਊਨ ਨਾਲ ਪਾਬੰਦੀਆਂ ਨੂੰ ਹੋਰ ਵਧਾ ਦਿੱਤਾ ਹੈ।