ਚੀਨ ‘ਚ ਅੱਜ ਇਕ ਵੱਡਾ ਹਾਦਸਾ ਹੋ ਗਿਆ ਹੈ। ਚੀਨ ਦੇ ਹੁਬਈ ਸੂਬੇ ਦੇ ਸ਼ਿਆਨ ਸ਼ਹਿਰ ‘ਚ ਐਤਵਾਰ ਸਵੇਰੇ ਗੈਸ ਪਾਈਪ ਫਟ ਗਈ। ਮੱਧ ਚੀਨ ਦੇ ਹੁਬਈ ਸੂਬੇ ‘ਚ ਐਤਵਾਰ ਨੂੰ ਭਿਆਨਕ ਗੈਸ ਵਿਸਫੋਟ ‘ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ 37 ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਕਈ ਲੋਕ ਮਲਬੇ ‘ਚ ਦੱਬੇ ਗਏ ਹਨ। ਅਧਿਕਾਰਤ ਮੀਡੀਆ ਮੁਤਾਬਕ ਕਈ ਘਰ ਹਾਦਸਾਗ੍ਰਸਤ ਹੋ ਗਏ ਹਨ। ਇਹ ਵਿਸਫੋਟ ਝਾਂਗਵਾਨ ਜ਼ਿਲ੍ਹੇ ਦੇ ਇਕ ਸਥਾਨਕ ਭਾਈਚਾਰਕ ਇਲਾਕੇ ‘ਚ ਸਵੇਰੇ ਲਗਪਗ 6:30 ਵਜੇ ਹੋਇਆ। ਚੀਨ ਦੇ ਸਰਕਾਰੀ ਚੈਨਲ ਸੀਜੀਟੀਐਨ-ਟੀਵੀ ਮੁਤਾਬਕ ਇੰਟਰਨੈੱਟ ਮੀਡੀਆ ਪਲੇਟਫਾਰਮ ਵੀਬੋ ‘ਤੇ ਪ੍ਰਸਾਰਿਤ ਤਸਵੀਰਾਂ ਤੇ ਵੀਡੀਓ ਫੁਟੇਜ਼ ‘ਚ ਕਈ ਘਰ ਜਮੀਂਦੋਜ ਦਿਖੇ ਤੇ ਵੱਡੇ ਪੈਮਾਨੇ ‘ਤੇ ਮਲਬਾ ਹਟਾਇਆ ਜਾ ਰਿਹਾ ਹੈ।
ਹਾਂਗਕਾਂਗ ਸਥਿਤ ਸਾਊਥ ਚਾਇਨਾ ਮਾਰਨਿੰਗ ਪੋਸਟ ਨੇ ਦੱਸਿਆ ਕਿ ਸ਼ਿਆਨ ਦੇ ਯਾਨਹੂ ਬਾਜ਼ਾਰ ‘ਚ ਹੋਇਆ ਜਦੋਂ ਕਈ ਨਿਵਾਸੀ ਨਾਸ਼ਤਾ ਕਰ ਰਹੇ ਸੀ ਜਾਂ ਬਾਜ਼ਾਰ ‘ਚ ਸਬਜ਼ੀਆਂ ਖਰੀਦ ਰਹੇ ਸੀ। ਸ਼ਹਿਰ ਦੇ ਨਗਰ ਨਿਗਮ ਦਫ਼ਤਰ ਨੇ ਸ਼ੁਰੂ ‘ਚ ਕਿਹਾ ਸੀ ਕਿ ਘਟਨਾ ਤੋਂ ਬਾਅਦ ਮਲਬੇ ‘ਚ ਕਈ ਲੋਕ ਫਸ ਗਏ ਸੀ। ਘਟਨਾ ਦੇ ਪਿੱਛੇ ਦਾ ਕਾਰਨ ਵੀ ਨਹੀਂ ਪਤਾ ਹੈ। ਇਸ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਰਾਹਤ ਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।