ਚੰਡੀਗੜ੍ਹ: ਚੀਨ ’ਚ 45 ਸਾਲਾਂ ਪਿੱਛੋਂ ਪਾਕਿਸਤਾਨ ਦੀ ਕੋਈ ਫ਼ਿਲਮ (Pakistani Film) ਰਿਲੀਜ਼ ਹੋਣ ਜਾ ਰਹੀ ਹੈ। ਫ਼ੌਜੀ ਕਾਰਵਾਈ ਉੱਤੇ ਆਧਾਰਤ ਇਸ ਫ਼ਿਲਮ ’ਚ ਚੌਥੀ ਪੀੜ੍ਹੀ ਦੇ ਜੰਗੀ ਹਵਾਈ ਜਹਾਜ਼ ਜੇਐਫ਼-17 (JF-17) ਦਾ ਮੁਕਾਬਲਾ ਫ਼ਰਾਂਸ ਦੇ ਮਿਰਾਜ-2000 ਨਾਲ ਵਿਖਾਇਆ ਗਿਆ ਹੈ। ਚੀਨ (China) ਦੇ ਸਰਕਾਰੀ ਮੀਡੀਆ ਸੰਸਥਾਨ ‘ਗਲੋਬਲ ਟਾਈਮਜ਼’ ਦੀ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸਾਲ 2018 ’ਚ ਬਣੀ ਇਸ ਫ਼ਿਲਮ ‘ਪਰਵਾਜ਼ ਹੈ ਜਨੂੰਨ’ (Parwaaz Hai Junoon) ਦੇ ਡਾਇਰੈਕਟਰ ਹਸੀਬ ਹਸਨ ਹਨ।
ਇਹ ਫ਼ਿਲਮ ਅੱਜ ਸ਼ੁੱਕਰਵਾਰ ਨੂੰ ਚੀਨ ’ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਮੁੱਖ ਤੌਰ ’ਤੇ ਪਾਕਿਸਤਾਨ ਤੇ ਚੀਨ ਵਿਚਾਲੇ ਫ਼ੌਜੀ ਸਹਿਯੋਗ ਨੂੰ ਦਰਸਾਇਆ ਗਿਆ ਹੈ। ਫ਼ਿਲਮ ਵਿੱਚ ਕਈ ਚੁਣੌਤੀਆਂ ਤੇ ਅੜਿੱਕੇ ਪਾਰ ਕਰਨ ਤੋਂ ਬਾਅਦ ਪਾਕਿਸਤਾਨ ਦੇ ਜੰਗੀ ਪਾਇਲਟ ਬਣਨ ਦੀ ਦੋ ਨੌਜਵਾਨਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ।
ਫ਼ਿਲਮ ’ਚ ਪਾਕਿਸਤਾਨੀ ਹਵਾਈ ਫ਼ੌਜ ਦੀ ਅਕੈਡਮੀ ਦਾ ਇੱਕ ਵਿਦਿਆਰਥੀ ਕਹਿੰਦਾ ਹੈ ਕਿ ਪਾਕਿਸਤਾਨ ਤੇ ਚੀਨ ਵੱਲੋਂ ਸਾਂਝੇ ਤੌਰ ਉੱਤੇ ਤਿਆਰ ਕੀਤਾ ਗਿਆ ਚੌਥੀ ਪੀੜ੍ਹੀ ਦਾ ਜੰਗੀ ਹਵਾਈ ਜਹਾਜ਼ ਜੇਐਫ਼-17 ਭਰੋਸੇਯੋਗਤਾ ਦੇ ਮਾਮਲੇ ’ਚ ਫ਼ਰਾਂਸ ਦੇ ਮਿਰਾਜ-2000 ਦੇ ਮੁਕਾਬਲੇ ਬਿਹਤਰ ਹੈ। ਤਦ ਅਧਿਆਪਕ ਉਸ ਵਿਦਿਆਰਥੀ ਨੂੰ ਥਾਪੜਾ ਦਿੰਦਾ ਹੈ।
ਚੀਨ ’ਚ ਪਾਕਿਸਤਾਨ ਦੇ ਸਫ਼ੀਰ ਮੋਇਨ-ਉਲ-ਹੱਕ ਨੇ ਦਰਸ਼ਕਾਂ ਨੂੰ ਕਿਹਾ ਕਿ ਹੋਰ ਪਾਕਿਸਤਾਨੀ ਫ਼ਿਲਮਾਂ ਤੇ ਟੀਵੀ ਲੜੀਵਾਰ ਨਾਟਕਾਂ ਨੂੰ ਵੀ ਚੀਨ ਲਿਆਂਦਾ ਜਾਵੇਗਾ, ਤਾਂ ਜੋ ਲੋਕ ਪਾਕਿਸਤਾਨੀ ਸੱਭਿਆਚਾਰ ਨੂੰ ਬਿਹਤਰ ਤਰੀਕੇ ਸਮਝ ਸਕਣ।