italy sees second successive: ਕੋਰੋਨਾ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਦੁਨੀਆ ਲਈ ਇਟਲੀ ਤੋਂ ਕੁੱਝ ਰਾਹਤ ਦੀ ਖ਼ਬਰ ਆਈ ਹੈ। ਹਾਲਾਂਕਿ ਕੋਰੋਨਾ ਕਾਰਨ ਇਟਲੀ ਵਿੱਚ ਹੁਣ ਤੱਕ 6000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਪਿਛਲੇ ਦੋ ਦਿਨਾਂ ਵਿੱਚ ਹਰ ਰੋਜ਼ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਗਈ ਹੈ। ਜੇਕਰ ਇਹ ਸਿਲਸਿਲਾ ਅਗਲੇ ਦੋ ਦਿਨਾਂ ਤੱਕ ਜਾਰੀ ਰਿਹਾ, ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਇਟਲੀ ਵਿੱਚ ਕੋਰੋਨਾ ਦੀ ਲਾਗ ਘਟਣੀ ਸ਼ੁਰੂ ਹੋ ਗਈ ਹੈ।
ਦੁਨੀਆ ਦੇ 195 ਦੇਸ਼ ਕੋਰੋਨਾ ਦੀ ਪਕੜ ਵਿੱਚ ਹਨ ਅਤੇ ਹੁਣ ਤੱਕ ਕੁੱਲ 3,81,598 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ ਤਕਰੀਬਨ ਇੱਕ ਲੱਖ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ ਜਦੋਂਕਿ 16,559 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਚੀਨ ਨੂੰ ਪਛਾੜ ਗਈ ਹੈ। ਇਟਲੀ ਦੇ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 6,077 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਰੀ ਦੇ ਅਨੁਸਾਰ, ਪਿੱਛਲੇ ਦੋ ਦਿਨਾਂ ਤੋਂ ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਟਲੀ ਵਿੱਚ ਸ਼ਨੀਵਾਰ ਨੂੰ ਕੋਰੋਨਾ ਕਾਰਨ ਰਿਕਾਰਡ 793 ਲੋਕਾਂ ਦੀ ਮੌਤ ਹੋਈ ਸੀ। ਇਸ ਖ਼ਬਰ ਤੋਂ ਬਾਅਦ ਪੂਰੀ ਦੁਨੀਆ ਵਿੱਚ ਹਫੜਾ-ਦਫੜੀ ਮੱਚ ਗਈ ਸੀ।
ਇਟਲੀ ‘ਚ ਤਿੰਨ ਦਿਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਸ ਪ੍ਰਕਾਰ ਹੈ : ਸ਼ਨੀਵਾਰ ਨੂੰ 793, ਐਤਵਾਰ ਨੂੰ 651 ਅਤੇ ਸੋਮਵਾਰ 601 ਨੂੰ ਲੋਕਾਂ ਦੀ ਮੌਤ ਹੋਈ ਹੈ। ਇਟਲੀ ਵਿੱਚ, ਸੋਮਵਾਰ ਨੂੰ ਕੋਰੋਨਾ ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 4,789 ਸੀ, ਜਦੋਂ ਕਿ ਐਤਵਾਰ ਨੂੰ ਉਹੀ ਗਿਣਤੀ 6,557 ਸੀ। ਮਿਲਾਨ ਦੇ ਇੱਕ ਸੀਨੀਅਰ ਮੈਡੀਕਲ ਅਧਿਕਾਰੀ ਗਿਉਲੀਓ ਗਾਲੇਰਾ ਨੇ ਟੈਲੀਵਿਜ਼ਨ ‘ਤੇ ਕਿਹਾ, “ਅਸੀਂ ਫਿਲਹਾਲ ਕੋਰੋਨਾ’ ਤੇ ਜਿੱਤ ਦਾ ਐਲਾਨ ਨਹੀਂ ਕਰ ਸਕਦੇ। ਪਰ ਦੋ ਦਿਨਾਂ ਵਿੱਚ ਲਾਗ ਦੇ ਘੱਟ ਹੋਣ ਦੇ ਸੰਕੇਤ ਹਨ।”
ਦੂਜੇ ਪਾਸੇ, ਚੀਨ ਵਿੱਚ ਕੁੱਲ 78 ਪੁਸ਼ਟੀ ਕੀਤੇ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ 74 ਕੇਸ ਅਜਿਹੇ ਪਾਏ ਗਏ ਹਨ ਜੋ ਦੂਜੇ ਦੇਸ਼ਾਂ ਤੋਂ ਆਏ ਹਨ। ਚੀਨ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 3,277 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਹੁਣ ਤੱਕ 81,171 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 4,735 ਲੋਕ ਅਜੇ ਵੀ ਇਲਾਜ ਅਧੀਨ ਹਨ ਜਦੋਂਕਿ 73,159 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ ਸੋਮਵਾਰ ਨੂੰ ਕੋਰੋਨਾ ਨਾਲ 8 ਹੋਰ ਮੌਤਾਂ ਹੋਈਆਂ ਹਨ ਅਤੇ 35 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਹ ਸਾਰੀਆਂ ਮੌਤਾਂ ਹੁਬੇਬੀ ਸੂਬੇ ਵਿੱਚ ਹੋਈਆਂ ਹਨ।