ਬੀਜਿੰਗ: ਪੂਰਬੀ ਲੱਦਾਖ ‘ਚ ਭਾਰਤ-ਚੀਨ ਵਿਚਾਲੇ ਵਧਦੇ ਤਣਾਅ ਦਰਮਿਆਨ ਚੀਨ ਵੱਲੋਂ ਭਾਰਤ ਨੂੰ ਧਮਕੀ ਦਿੱਤੀ ਗਈ ਹੈ। ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਨੇ ਚੇਤਾਵਨੀ ਜਾਰੀ ਕੀਤੀ ਕਿ ਜੇਕਰ ਸਰਹੱਦ ‘ਤੇ ਤਣਾਅ ਜਾਰੀ ਰਹਿੰਦਾ ਹੈ ਤਾਂ ਭਾਰਤ ਨੂੰ ਚੀਨ, ਪਾਕਿਸਤਾਨ ਤੇ ਨੇਪਾਲ ਤੋਂ ਫੌਜੀ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੀਨ ਦੇ ਇਸ ਭੜਕਾਊ ਬਿਆਨ ਨਾਲ ਨਵੀਂ ਦਿੱਲੀ ਤੇ ਬੀਜਿੰਗ ‘ਚ ਦੋ ਪੱਖੀ ਤਣਅ ਵਧਣ ਦਾ ਖਦਸ਼ਾ ਹੈ।
ਅਖ਼ਬਾਰ ‘ਚ ਲਿਖਿਆ ਗਿਆ ਕਿ ਪਾਕਿਸਤਾਨ ਚੀਨ ਦਾ ਵਿਸ਼ਵਾਸਯੋਗ ਰਣਨੀਤਕ ਸਾਂਝੇਦਾਰ ਹੈ। ਇਸ ਦੇ ਨਾਲ ਹੀ ਨੇਪਾਲ ਦੇ ਵੀ ਚੀਨ ਨਾਲ ਚੰਗੇ ਰਿਸ਼ਤੇ ਹਨ। ਪਾਕਿਸਤਾਨ ਤੇ ਚੀਨ ਦੋਵੇਂ ਹੀ ਚੀਨ ਪ੍ਰਸਤਾਵਿਤ ਬੈਲਟ ਐਂਡ ਰੋਅ ਇਨੀਸ਼ੀਏਟਿਵ ਤਹਿਤ ਮਹੱਤਵਪੂਰਨ ਸਾਂਝੇਦਾਰ ਹਨ।
ਚੀਨ ਵੱਲੋਂ ਕਿਹਾ ਗਿਆ ਕਿ ਜੇਕਰ ਸਰਹੱਦ ‘ਤੇ ਤਣਾਅ ਵਧਦਾ ਹੈ ਤਾਂ ਭਾਰਤ ਦੋ ਜਾਂ ਦੋ ਤੋਂ ਵੱਧ ਮੋਰਚਿਆਂ ‘ਤੇ ਫੌਜੀ ਦਬਾਅ ਦਾ ਸਾਹਮਣਾ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਤਿੰਨ ਮੋਰਚਿਆਂ ‘ਤੇ ਸਾਹਮਣਾ ਕਰਨਾ ਭਾਰਤ ਦੀ ਫੌਜੀ ਸਮਰੱਥਾ ਤੋਂ ਪਰ੍ਹਾਂ ਦੀ ਗੱਲ ਹੈ। ਇਸ ਨਾਲ ਭਾਰਤ ਦੀ ਵਿਨਾਸ਼ਕਾਰੀ ਹਾਰ ਹੋ ਸਕਦੀ ਹੈ।
ਗਲੋਬਲ ਟਾਈਮਜ਼ ਦੇ ਹਵਾਲੇ ਨਾਲ ਕਿਹਾ ਗਿਆ ਕਿ ਚੀਨ ਦਾ ਸਰਹੱਦੀ ਰੇਖਾ ‘ਚ ਬਦਲਾਅ ਦਾ ਕੋਈ ਇਰਾਦਾ ਨਹੀਂ। ਇੱਥੋਂ ਤਕ ਕਿ ਐਲਏਸੀ ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈ ਖੂਨੀ ਝੜਪ ਲਈ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਚੀਨ ਦਾ ਕਹਿਣਾ ਕਿ ਭਾਰਤੀ ਫੌਜ ਨੇ ਚੀਨੀ ਫੌਜ ਨੂੰ ਉਕਸਾਇਆ ਹੈ।
ਏਨਾ ਹੀ ਨਹੀਂ ਚੀਨ ਨੇ ਹੁਣ ਸੱਚਾ ਹੋਣ ਦੇ ਨਾਤੇ 15 ਜੂਨ ਦੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਚੀਨ ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਘਟਨਾ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ।