ਪੰਜ ਅਮਰੀਕੀ ਸੰਸਦ ਮੈਂਬਰਾਂ ਨੇ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਨਾਲ ਸ਼ੁੱਕਰਵਾਰ ਸਵੇਰੇ ਮੁਲਾਕਾਤ ਕੀਤੀ। ਅਚਾਨਕ ਕੀਤੀ ਗਈ ਇਹ ਮੁਲਾਕਾਤ ਚੀਨ ਦੀ ਧਮਕੀ ਤੋਂ ਬਾਅਦ ਤਾਇਵਾਨ ਨੂੰ ਅਮਰੀਕਾ ਦੇ ਮੁਕੰਮਲ ਸਮਰਥਨ ਦਾ ਇਕ ਹੋਰ ਸਬੂਤ ਹੈ।
ਅਮਰੀਕੀ ਪ੍ਰਤੀਨਿਧੀ ਸਭਾ ਨਾਲ ਸੱਤਾ ਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਇਕ ਸਮੂਹ ਵੀਰਵਾਰ ਰਾਤ ਨੂੰ ਹੀ ਤਾਇਵਾਨ ਪੁੱਜਾ ਤੇ ਸਾਈ ਸਮੇਤ ਕਈ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਦਾ ਫ਼ੈਸਲਾ ਕੀਤਾ। ਇਹ ਜਾਣਕਾਰੀ ਤਾਇਵਾਨ ਸਥਿਤ ਇਕ ਅਮਰੀਕੀ ਸੰਸਥਾ ਨੇ ਦਿੱਤੀ ਹੈ ਜਿਸ ਨੂੰ ਦੂਤਘਰ ਮੰਨਿਆ ਜਾਂਦਾ ਹੈ। ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਦੇ ਸਬੰਧ ‘ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਮਰੀਕੀ ਸੰਸਦ ਮੈਂਬਰਾਂ ਦਾ ਇਹ ਦੌਰਾ ਅਜਿਹੇ ਸਮੇਂ ਹੋਇਆ ਹੈ ਜਦੋਂ ਦਹਾਕਿਆਂ ਦੀ ਤਨਾਤਨੀ ਆਪਣੇ ਸਿਖਰ ‘ਤੇ ਹੈ। 1949 ਦੇ ਗ੍ਹਿ ਯੁੱਧ ਤੋਂ ਬਾਅਦ ਤੋਂ ਵੱਖ ਹੋਏ ਦੋਵਾਂ ਦੇਸ਼ਾਂ ਵਿਚਾਲੇ ਹਮੇਸ਼ਾ ਤੋਂ ਤਣਾਅ ਰਿਹਾ ਹੈ ਪਰ ਚੀਨ ਹੁਣ ਵੀ ਉਸ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਾ ਹੈ।
ਅਮਰੀਕੀ ਸੰਸਦ ਮੈਂਬਰ ਐਲੀਸਾ ਸਟੋਕਿਨ (ਡੀ ਮਿਚ) ਨੇ ਟਵੀਟ ਕਰ ਕੇ ਕਿਹਾ ਕਿ ਸਾਡੇ ਦੌਰੇ ਦੀ ਖ਼ਬਰ ਜਦੋਂ ਜਨਤਕ ਹੋ ਗਈ, ਉਦੋਂ ਸਾਡੇ ਦਫ਼ਤਰ ‘ਚ ਚੀਨੀ ਦੂਤਘਰ ਤੋਂ ਇਕ ਧਮਕੀ ਵਾਲਾ ਪੱਤਰ ਆਇਆ। ਉਸ ‘ਚ ਕਿਹਾ ਗਿਆ ਸੀ ਕਿ ਅਮਰੀਕੀ ਸੰਸਦ ਮੈਂਬਰ ਇਸ ਦੌਰੇ ਤੋਂ ਵਾਪਸ ਚਲੇ ਜਾਣ। ਅਮਰੀਕੀ ਸੰਸਦ ਮੈਂਬਰਾਂ ਦੇ ਇਸ ਨੁਮਾਇੰਦਗੀ ਵਫ਼ਦ ‘ਚ ਮਾਰਕ ਟਕਾਨੋ (ਡੀ ਕੈਲਿਫ), ਕਾਲਿਨ ਆਲਰੇਡ (ਡੀ-ਟੈਕਸਾਸ), ਸਾਰਾ ਜੈਕਬਸ (ਡੀ ਕੈਲਿਫ) ਤੇ ਨੈਨਸੀ ਮੇਸ (ਆਰ-ਐੱਸਸੀ) ਵੀ ਸ਼ਾਮਲ ਹਨ।
ਸੰਸਦ ਮੈਂਬਰ ਟਕਾਨੋ ਨੇ ਕਿਹਾ ਕਿ ਅਸੀਂ ਇਸ ਦੌਰੇ ‘ਤੇ ਆਪਣੇ ਭਾਈਵਾਲਾਂ ਨੂੰ ਇਹ ਯਾਦ ਦਿਵਾਉਣ ਆਏ ਹਨ ਕਿ ਸਾਡਾ ਰਿਸ਼ਤਾ ਅਟੁੱਟ ਹੈ। ਅਸੀਂ ਵਚਨਬੱਧ ਹਾਂ ਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਆਜ਼ਾਦ ਤੇ ਸੁਰੱਖਿਅਤ ਰੱਖਣ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਸਮਝਦੇ ਹਾਂ।
ਅਮਰੀਕੀ ਸੰਸਦ ਮੈਂਬਰਾਂ ਦਾ ਸਵਾਗਤ ਕਰਨ ਵਾਲੇ ਸਾਈ ਨੇ ਕਿਹਾ ਕਿ ਤਾਇਵਾਨ ਅਮਰੀਕਾ ਨਾਲ ਆਪਣਾ ਸਹਿਯੋਗ ਜਾਰੀ ਰੱਖੇਗਾ। ਨੁਮਾਇੰਦਗੀ ਵਫ਼ਦ ਨੇ ਤਾਇਵਾਨ ਦੇ ਰਾਸ਼ਟਰੀ ਸੁਰੱਖਿਆ ਜਨਰਲ ਸਕੱਤਰ ਵਿਲਿੰਗਟਨ ਕੂ ਤੇ ਵਿਦੇਸ਼ ਮੰਤਰੀ ਜੋਸਫ ਵੂ ਨਾਲ ਵੀ ਮੁਲਾਕਾਤ ਕੀਤੀ।