ਵਾਸ਼ਿੰਗਟਨ ਡੀਸੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਦੇ ਮਾਮਲੇ ’ਤੇ ਸਦਾ ਚੀਨ ਦੀ ਆਲੋਚਨਾ ਕਰਦੇ ਰਹੇ ਹਨ ਪਰ ਇੱਕ ਤਾਜ਼ਾ ਖ਼ਬਰ ਤੋਂ ਸਾਰੇ ਤ੍ਰਭਕ ਗਏ ਹਨ। ਦਰਅਸਲ, ਖੁਲਾਸਾ ਹੋਇਆ ਹੈ ਕਿ ਡੋਨਾਲਡ ਟਰੰਪ ਦਾ ਚੀਨ ਵਿੱਚ ਕਾਰੋਬਾਰ ਹੈ। ਉਸ ਦਾ ਬੈਂਕ ਖਾਤਾ ਵੀ ਹੈ ਤੇ ਉਸ ਨੇ ਸਰਕਾਰ ਨੂੰ ਟੈਕਸ ਵੀ ਭਰਿਆ ਹੈ।
‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਟਰੰਪ ਨੇ ਇਹ ਮੰਨਿਆ ਹੈ ਕਿ ਇੱਕ ਚੀਨੀ ਬੈਂਕ ਵਿੱਚ ਉਨ੍ਹਾਂ ਦਾ ਖਾਤਾ ਹੈ। ਉਨ੍ਹਾਂ ਦਾ ਇਹ ਖਾਤਾ ‘ਟਰੰਪ ਇੰਟਰਨੈਸ਼ਨਲ ਹੋਟਲਜ਼ ਮੈਨੇਜਮੈਂਟ’ ਚਲਾਉਂਦਾ ਹੈ। ਸਾਲ 2013 ਤੋਂ ਲੈ ਕੇ 2015 ਦੌਰਾਨ ਇਸ ਬੈਂਕ ਖਾਤੇ ਰਾਹੀਂ ਚੀਨ ਵਿੱਚ ਸਥਾਨਕ ਟੈਕਸਾਂ ਦਾ ਭੁਗਤਾਨ ਕੀਤਾ ਜਾਂਦਾ ਰਿਹਾ ਹੈ।
ਇਸ ਬਾਰੇ ਡੋਨਾਲਡ ਟਰੰਪ ਦੇ ਬੁਲਾਰੇ ਨੇ ਆਪਣਾ ਪੱਖ ਵੀ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਏਸ਼ੀਆ ’ਚ ਹੋਟਲ ਉਦਯੋਗ ਨਾਲ ਜੁੜੇ ਸੌਦਿਆਂ ਦੇ ਲੈਣ-ਦੇਣ ਤੇ ਸਥਾਨਕ ਟੈਕਸ ਅਦਾ ਕਰਨ ਲਈ ਇਹ ਖਾਤਾ ਖੋਲ੍ਹਿਆ ਗਿਆ ਸੀ। ਇਸ ਖਾਤੇ ਨਾਲ ਹੀ ਉਹ ਸਾਰੇ ਲੈਣ-ਦੇਣ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਦੀ ਹੋਰ ਕੋਈ ਵਰਤੋਂ ਨਹੀਂ ਕੀਤੀ ਗਈ।
ਟਰੰਪ ਦੇ ਟੈਕਸ ਰਿਕਾਰਡ ਤੋਂ ਉਨ੍ਹਾਂ ਦੇ ਇਸ ਬੈਂਕ ਖਾਤੇ ਬਾਰੇ ਪਤਾ ਲੱਗਾ ਹੈ, ਜਿਸ ਵਿੱਚ ਉਨ੍ਹਾਂ ਦੇ ਵਿਅਕਤੀਗਤ ਤੇ ਕੰਪਨੀ, ਦੋਵਾਂ ਦੇ ਵਿੱਤੀ ਵੇਰਵੇ ਸ਼ਾਮਲ ਸਨ। ਦਰਅਸਲ, ਟਰੰਪ ਦੇ ਖਾਤਿਆਂ ਬਾਰੇ ਉਨ੍ਹਾਂ ਦੇ ਟੈਕਸ ਘੱਟ ਜਮ੍ਹਾ ਕਰਨ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਹੁਣ ਇਸ ਨਵੇਂ ਖਾਤੇ ਦਾ ਪਤਾ ਲੱਗਾ ਹੈ। ਸਾਲ 2016–17 ਵਿੱਚ ਜਦੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ, ਤਦ ਉਨ੍ਹਾਂ ਕੇਂਦਰੀ ਟੈਕਸ ਵਜੋਂ ਸਿਰਫ਼ 750 ਅਮਰੀਕੀ ਡਾਲਰ ਦਾ ਹੀ ਭੁਗਤਾਨ ਕੀਤਾ ਸੀ।
ਘੱਟ ਟੈਕਸ ਜਮ੍ਹਾ ਕੀਤੇ ਜਾਣ ਬਾਰੇ ਡੋਨਾਲਡ ਟਰੰਪ ਖ਼ੁਦ ਸਫ਼ਾਈ ਦੇ ਚੁੱਕੇ ਹਨ। ਟੈਕਸ ਬਚਾਉਣ ਪਿੱਛੇ ਉਨ੍ਹਾਂ ਦੀ ਦਲੀਲ ਸੀ ਕਿ ਉਨ੍ਹਾਂ ਸਾਰੇ ਨਿਯਮਾਂ ਦਾ ਫ਼ਾਇਦਾ ਲਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਟੈਕਸ ਘੱਟ ਜਮ੍ਹਾ ਕਰਵਾਉਣਾ ਪਿਆ। ਹੁਣ ਟਰੰਪ ਦੇ ਚੀਨੀ ਬੈਂਕ ਖਾਤੇ ਰਾਹੀਂ ਸਥਾਨਕ ਟੈਕਸਾਂ ਵਿੱਚ 1 ਲੱਖ 88 ਹਜ਼ਾਰ 561 ਅਮਰੀਕੀ ਡਾਲਰ ਦੀ ਅਦਾਇਗੀ ਕੀਤੀ ਗਈ। ਅਮਰੀਕਾ ’ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਤੈਅ ਹਨ। ਇਸ ਲਈ ਪ੍ਰਚਾਰ ਕਰਦਿਆਂ ਰਾਸ਼ਟਰਪਤੀ ਟਰੰਪ ਆਪਣੇ ਵਿਰੋਧੀ ਉਮੀਦਵਾਰ ਜੋਅ ਬਾਇਡੇਨ ਤੇ ਚੀਨ ਨੂੰ ਲੈ ਕੇ ਉਨ੍ਹਾਂ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦੇ ਰਹੇ ਹਨ।