ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਦਾ ਕਹਿਣਾ ਹੈ ਕਿ ਜੇ ਚੀਨ ਨੇ ਵਿਸ਼ਵ ਮਹਾਮਾਰੀ ਕੋਰੋਨਾ ਇਨਫੈਕਸ਼ਨ ਦੀ ਉਤਪਤੀ ਸਬੰਧੀ ਅੱਗੇ ਦੀ ਜਾਂਚ ਲਈ ਸਹਿਯੋਗ ਨਹੀਂ ਦਿੱਤਾ ਤਾਂ ਚੀਨ ਨੂੰ ਅੰਤਰਰਾਸ਼ਟਰੀ ਫਿਰਕੇ ‘ਚ ਅਲੱਗ-ਥਲੱਗ ਹੋਣਾ ਪਵੇਗਾ।
ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਸੁਲੀਵਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਜੀ-ਸੱਤ ਦੇ ਆਪਣੇ ਸਾਥੀ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ‘ਤੇ ਦਬਾਅ ਪਾਉਣ ਕਿ ਉਹ ਕੋਵਿਡ-19 ਦੀ ਉਤਪਤੀ ਦੀ ਅੱਗੇ ਦੀ ਜਾਂਚ ਕਰਨ ਦੀ ਇਜਾਜ਼ਤ ਦੇਵੇ। ਉਨ੍ਹਾਂ ਕਿਹਾ ਕਿ ਜੋਅ ਬਾਇਡਨ ਨੇ ਇਸ ਹਫ਼ਤੇ ਯੂਰਪ ‘ਚ ਲੋਕਤੰਤਰੀ ਦੁਨੀਆ ਨੂੰ ਪ੍ਰੇਰਿਤ ਕਰ ਕੇ ਕੋਵਿਡ-19 ਉਭਰਣ ਤੋਂ ਬਾਅਦ ਤੋਂ ਪਹਿਲੀ ਵਾਰੀ ਸਾਰਿਆਂ ਨੇ ਇਕ ਸੁਰ ‘ਚ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਤਰ੍ਹਾਂ ਨਹੀਂ ਕਰ ਸਕੇ ਸਨ। ਸੁਲੀਵਨ ਨੇ ਕਿਹਾ ਕਿ ਜੀ-ਸੱਤ ਦੇਸ਼ਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਚੀਨ ਨੂੰ ਆਪਣੇ ਇਲਾਕੇ ‘ਚ ਅੱਗੇ ਦੀ ਜਾਂਚ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਇਸ ਦੌਰਾਨ, ਜਾਪਾਨ ਦੇ ਰੱਖਿਆ ਮੰਤਰੀ ਨੋਬੋਓ ਕਿਸ਼ੀ ਨੇ ਯੂਰਪੀ ਦੇਸ਼ਾਂ ਨੂੰ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇੱਥੇ ਜ਼ਿਆਦਾ ਮਜ਼ਬੂਤੀ ਨਾਲ ਫ਼ੌਜੀ ਦਖ਼ਲ ਦੀ ਲੋੜ ਹੈ। ਯੂਰਪੀ ਸੰਸਦ ਦੀ ਉਪ ਕਮੇਟੀ ਨੂੰ ਦਿੱਤੇ ਆਪਣੇ ਪਹਿਲੇ ਭਾਸ਼ਣ ‘ਚ ਕਿਸ਼ੀ ਨੇ ਕਿਹਾ ਕਿ ਦੋਵੇਂ ਧਿਰਾਂ ਯਾਨੀ ਜਾਪਾਨ ਤੇ ਯੂਰਪੀ ਦੇਸ਼ਾਂ ਨੂੰ ਸੁਰੱਖਿਆ ਸਹਿਯੋਗ ਵਧਾਉਣ ਦੀ ਲੋੜ ਹੈ।
ਤਿੱਬਤੀ ਵਿਦਵਾਨ ਨੂੰ ਸੁਣਵਾਈ ਦਾ ਇੰਤਜ਼ਾਰ
ਲਹਾਸਾ, ਏਐੱਨਆਈ : ਚੀਨ ਪ੍ਰਸ਼ਾਸਨ ਨੇ ਸਾਲ 2019 ‘ਚ ਬਿਨਾਂ ਕਾਰਨ ਦੱਸੇ ਜਿਸ ਤਿੱਬਤੀ ਵਿਦਵਾਨ ਨੂੰ ਗਿ੍ਫ਼ਤਾਰ ਕੀਤਾ ਸੀ, ਉਸ ਦੇ ਮਾਮਲੇ ਦੀ ਸੁਣਵਾਈ ਹਾਲ ਤਕ ਨਹੀਂ ਸ਼ੁਰੂ ਹੋਈ। ਉਸ ਨਾਲ ਕੀ ਹੋਇਆ, ਇਸ ਗੱਲ ਦੀ ਜਾਣਕਾਰੀ ਉਸ ਤਿੱਬਤੀ ਵਿਦਵਾਨ ਦੇ ਪਰਿਵਾਰਕ ਮੈਂਬਰਾਂ ਤਕ ਨੂੰ ਨਹੀਂ ਦਿੱਤੀ ਗਈ। ਇਕ ਤਿੱਬਤੀ ਸੂਤਰ ਮੁਤਾਬਕ ਰੇਡੀਓ ਫ੍ਰੀ ਏਸ਼ੀਆ ਨੇ ਕਿਹਾ ਕਿ ਲੋਬਸਾਂਗ ਹੁੰਡਅੱਪ ਨੂੰ ਜੂਨ, 2019 ‘ਚ ਚੀਨ ਦੇ ਸਿਚੁਆਨ ਸੂਬੇ ਦੀ ਰਾਜਧਾਨੀ ਚੇਗਦੂ ‘ਚ ਹਿਰਾਸਤ ‘ਚ ਰੱਖਿਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸੱਭਿਆਚਾਰਕ ਕੇਂਦਰ ‘ਚ ਕਿਸੇ ਨੇ ਖ਼ਬਰ ਕਰ ਦਿੱਤੀ ਹੋਵੇਗੀ ਕਿ ਉਹ ਕਿਸ ਤਰ੍ਹਾਂ ਦੀ ਸਿੱਖਿਆ ਸਮੱਗਰੀ ਰੱਖਦਾ ਹੈ।