IAF rushed fighter jets: ਕੋਰੋਨਾ ਸੰਕਟ ਅਤੇ ਲਾਕਡਾਊਨ ਵਿਚਕਾਰ ਚੀਨ ਨੇ ਭਾਰਤੀ ਸਰਹੱਦ ‘ਤੇ ਹਲਚਲ ਵਧਾ ਦਿੱਤੀ ਹੈ । ਨਤੀਜੇ ਵਜੋਂ, ਭਾਰਤੀ ਹਵਾਈ ਸੈਨਾ ਨੇ ਚੀਨ ਨੂੰ ਕਰਾਰਾ ਜਵਾਬ ਦੇਣ ਲਈ ਲੜਾਕੂ ਜਹਾਜ਼ਾਂ ਨੂੰ ਲੱਦਾਖ ਵਿੱਚ ਤਾਇਨਾਤ ਕੀਤਾ ਹੈ । ਦਰਅਸਲ, ਪਿਛਲੇ ਦਿਨੀਂ ਚੀਨੀ ਫੌਜੀ ਹੈਲੀਕਾਪਟਰਾਂ ਨੂੰ ਭਾਰਤੀ ਖੇਤਰ ਦੇ ਆਸ-ਪਾਸ ਉਡਾਣ ਭਰਦੇ ਦੇਖਿਆ ਗਿਆ ਸੀ ਅਤੇ ਉਹ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰ ਸਕਦੇ ਸਨ ।
ਸੂਤਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਜਿਵੇਂ ਹੀ ਚੀਨੀ ਹੈਲੀਕਾਪਟਰਾਂ ਦੀ ਆਵਾਜਾਈ ਸ਼ੁਰੂ ਹੋਈ, ਭਾਰਤੀ ਲੜਾਕੂ ਜਹਾਜ਼ਾਂ ਨੂੰ ਲੱਦਾਖ ਸੈਕਟਰ ਵਿੱਚ ਸਰਹੱਦੀ ਇਲਾਕਿਆਂ ਵਿੱਚ ਲਿਜਾਇਆ ਗਿਆ । ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਨੇੜਲੇ ਬੇਸਕੈਂਪ ਤੋਂ ਉਡਾਣ ਭਰੀ ਸੀ । ਫਿਲਹਾਲ, ਚੀਨੀ ਹੈਲੀਕਾਪਟਰਾਂ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਨਹੀਂ ਕੀਤੀ ਹੈ ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਭਾਰਤੀ ਅਤੇ ਚੀਨੀ ਸੈਨਿਕ ਇਕ ਦੂਜੇ ਨਾਲ ਭਿੜ ਗਏ ਸਨ । ਇਸ ਤੋਂ ਬਾਅਦ 150 ਤੋਂ ਵੱਧ ਚੀਨੀ ਫੌਜਾਂ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ । ਸੂਤਰਾਂ ਨੇ ਦੱਸਿਆ ਕਿ ਕਈ ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਨਾਲ ਹਵਾਈ ਖੇਤਰਾਂ ਦੀ ਉਲੰਘਣਾ ਕਰਨ ਦੀਆਂ ਚੀਨੀ ਕੋਸ਼ਿਸ਼ਾਂ ਦਾ ਜਵਾਬ ਦਿੱਤਾ ਹੈ।
ਉੱਥੇ ਹੀ ਦੂਜੇ ਪਾਸੇ ਚੀਨ ਦੀ ਤਰ੍ਹਾਂ, ਪਾਕਿਸਤਾਨ ਦੇ ਲੜਾਕੂ ਜਹਾਜ਼ ਵੀ ਸਰਹੱਦੀ ਇਲਾਕਿਆਂ ਵਿੱਚ ਲਗਾਤਾਰ ਉਡਾਣ ਭਰ ਰਹੇ ਹਨ । ਪਾਕਿਸਤਾਨੀ ਹਵਾਈ ਸੈਨਾ ਦਾ ਜਹਾਜ਼ ਐੱਫ -16, ਜੇ.ਐੱਫ. 17 ਅਤੇ ਮਿਰਾਜ III ਸਰਹੱਦੀ ਖੇਤਰਾਂ ਵਿੱਚ ਗਸ਼ਤ ਕਰ ਰਹੇ ਹਨ। ਦਰਅਸਲ, ਹੰਦਵਾੜਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਤੋਂ ਪਾਕਿਸਤਾਨ ਸੁਚੇਤ ਹੈ । ਇਸ ਦੇ ਨਾਲ ਹੀ, ਭਾਰਤੀ ਏਅਰ ਫੋਰਸ ਹਰ ਪਲ ਪਾਕਿਸਤਾਨ ਦੀਆਂ ਹਰਕਤਾਂ ‘ਤੇ ਨਜ਼ਰ ਰੱਖ ਰਹੀ ਹੈ ।