ਨਵੀਂ ਦਿੱਲੀ: ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਮੁੜ ਤੋਂ ਚੀਨ ਦੀ ਧੱਕੇਸ਼ਾਹੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਭਾਰਤ ਵਿੱਚ 1200 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਭਾਰਤ ਮਾਤਾ ਦੀ ਧਰਤੀ ਬਾਰੇ ਕਹਿਣ ਲਈ ਇੱਕ ਵੀ ਸ਼ਬਦ ਕਿਉਂ ਨਹੀਂ ਹੈ।
” ਪ੍ਰਧਾਨ ਮੰਤਰੀ ਚੀਨ ਦਾ ਨਾਂ ਨਹੀਂ ਲੈ ਰਹੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੇਸ਼ ਦੇ ਲੋਕ ਨੋਟਿਸ ਲੈਣ ਕਿ ਚੀਨ ਨੇ ਸਾਡੀ ਧਰਤੀ ‘ਤੇ ਕਬਜ਼ਾ ਕਰ ਲਿਆ ਹੈ। ”
-ਰਾਹੁਲ ਗਾਂਧੀ, ਕਾਂਗਰਸ ਨੇਤਾ
ਦੱਸ ਦਈਏ ਕਿ ਕੱਲ੍ਹ ਵੀ ਪੀਐਮ ਨਰਿੰਦਰ ਮੋਦੀ ਦੇ ਦੇਸ਼ ਨੂੰ ਸੰਬੋਧਨ ਤੋਂ ਪਹਿਲਾਂ ਰਾਹੁਲ ਨੇ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ। ਰਾਹੁਲ ਗਾਂਧੀ ਨੇ ਟਵੀਟ ਵਿੱਚ ਲਿਖਿਆ, “ਸਤਿਕਾਰਯੋਗ ਪ੍ਰਧਾਨ ਮੰਤਰੀ, ਆਪਣੇ ਛੇ ਵਜੇ ਸੰਬੋਧਨ ਵਿੱਚ ਕਿਰਪਾ ਕਰਕੇ ਦੇਸ਼ ਨੂੰ ਦੱਸੋ ਕਿ ਤੁਸੀਂ ਕਿਸ ਤਾਰੀਖ ਨੂੰ ਚੀਨ ਨੂੰ ਭਾਰਤੀ ਖੇਤਰ ਤੋਂ ਬਾਹਰ ਸੁੱਟੋਗੇ। ਤੁਹਾਡਾ ਧੰਨਵਾਦ।”
ਕੋਵਿਡ-19 ਮਹਾਮਾਰੀ ਦੇ ਬਾਅਦ ਸੱਤਵੇਂ ਰਾਸ਼ਟਰ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਖ਼ਤਮ ਹੋ ਸਕਦਾ ਹੈ ਪਰ ਕੋਰੋਨਾਵਾਇਰਸ ਦਾ ਖਾਤਮਾ ਨਹੀਂ ਹੋਇਆ। ਪੀਐਮ ਮੋਦੀ ਨੇ ਤਾਕੀਦ ਕੀਤੀ ਕਿ ਜਦੋਂ ਤੱਕ ਇਸ ਮਹਾਮਾਰੀ ਦੀ ਟੀਕਾ ਨਹੀਂ ਆਉਂਦਾ, ਦੇਸ਼ ਦੀ ਕੋਰੋਨਾ ਵਿਰੁੱਧ ਲੜਾਈ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ।
ਪ੍ਰਧਾਨ ਮੰਤਰੀ ਦਾ ਸੰਬੋਧਨ ਅਜਿਹੇ ਸਮੇਂ ਹੋਇਆ ਹੈ ਜਦੋਂ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਸਮੇਤ ਕਈ ਸੂਬਿਆਂ ਵਿੱਚ ਉਪ ਚੋਣਾਂ ਹੋ ਰਹੀਆਂ ਹਨ ਅਤੇ ਨਾਲ ਹੀ ਦੁਰਗਾਪੂਜਾ, ਦੀਵਾਲੀ ਤੇ ਛੱਠ ਵਰਗੇ ਤਿਉਹਾਰ ਸਾਹਮਣੇ ਆ ਰਹੇ ਹਨ।