ਚੀਨ ਨੇ ਸਮੁੰਦਰ ਚੋਂ ਰਾਕੇਟ ਪੁਲਾੜ ’ਚ ਭੇਜ ਕੇ ਦੁਨੀਆ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਹ ਕਾਰਨਾਮਾ ਉਸ ਨੇ ਅੱਜ ਬੁੱਧਵਾਰ ਨੂੰ ਕਰ ਕੇ ਵਿਖਾਇਆ ਹੈ। ਸਮੁੰਦਰੀ ਸਤ੍ਹਾ ਤੋਂ ਕੋਈ ਰਾਕੇਟ ਪਹਿਲੀ ਵਾਰ ਪੁਲਾੜ ਭੇਜਿਆ ਗਿਆ ਹੈ। ਇਸ ਨੂੰ ਉਦੇਸ਼ਮੁਖੀ ਪੁਲਾੜ ਪ੍ਰੋਗਰਾਮ ਵੱਲ ਬਿਲਕੁਲ ਤਾਜ਼ਾ ਤੇ ਅਗਾਂਹਵਧੂ ਕਦਮ ਮੰਨਿਆ ਜਾ ਰਿਹਾ ਹੈ।
‘ਲੌਂਗ ਮਾਰਚ 11’ ਨਾਂਅ ਦਾ ਇਹ ਰਾਕੇਟ ਪੀਲੇ ਸਮੁੰਦਰ ’ਚ ਬਣੇ ਇੱਕ ਅੱਧੇ ਡੁੱਬੇ ਪੁਲ਼ ਦੇ ਮੰਚ ਤੋਂ ਬਲਾਸਟ ਕੀਤਾ ਗਿਆ। ਇਹ ਛੋਟਾ ਰਾਕੇਟ ਤੁਰੰਤ ਲਾਂਚ ਕਰਨ ਲਈ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਕਿਸੇ ਵੀ ਮੋਬਾਇਲ ਲਾਂਚ ਸਾਈਟ, ਜਿਵੇਂ ਕਿਸੇ ਸਮੁੰਦਰੀ ਜਹਾਜ਼ ਤੋਂ ਵੀ ਪੁਲਾੜ ਭੇਜਿਆ ਜਾ ਸਕਦਾ ਹੈ।
ਅੱਜ ਪੁਲਾੜ ’ਚ ਭੇਜੇ ਗਏ ਰਾਕੇਟ ਨਾਲ ਸੱਤ ਸੈਟੇਲਾਇਟ ਵੀ ਭੇਜੇ ਗਏ ਹਨ। ਇਸ ਨਾਲ ਦੋ ਦੂਰਸੰਚਾਰ ਸੈਟੇਲਾਇਟ ਵੀ ਹਨ, ਜੋ ਬੀਜਿੰਗ ਸਥਿਤ ਤਕਨਾਲੋਜੀ ਕੰਪਨੀ ‘ਚਾਈਨਾ 125’ ਦੇ ਹਨ। ਇਸ ਕੰਪਨੀ ਦੀ ਯੋਜਨਾ ਵਿਸ਼ਵ ਪੱਧਰ ਉੱਤੇ ਡਾਟਾ ਨੈੱਟਵਰਕਿੰਗ ਸੇਵਾਵਾਂ ਦੇਣ ਦੀ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਚੀਨ ਨੇ ਆਪਣੇ ਪੁਲਾੜ ਪ੍ਰੋਗਰਾਮ ਨੂੰ ਉੱਚ ਤਰਜੀਹ ਦਿੱਤੀ ਹੈ। ਉਸ ਨੇ ਅਗਲੇ ਸਾਲ ਆਪਣੇ ਵਿਗਿਆਨੀ ਵੀ ਪੁਲਾੜ ਭੇਜਣੇ ਹਨ, ਜਿਸ ਲਈ ਉਹ ਆਪਣਾ ਖ਼ੁਦ ਦਾ ਇੱਕ ਸਪੇਸ ਸਟੇਸ਼ਨ ਵੀ ਤਿਆਰ ਕਰ ਰਿਹਾ ਹੈ।