ਲੱਦਾਖ ਬਾਰਡਰ (Ladakh Border) ’ਤੇ ਭਾਰਤ ਤੇ ਚੀਨ ਵਿਚਾਲੇ ਤਣਾਅ (Tensions between India and China) ਘਟਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਚੀਨੀ ਰੱਖਿਆ ਮੰਤਰਾਲੇ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਇਸ ਵਾਰ ਸਰਦੀਆਂ ’ਚ ਲੱਦਾਖ ਬਾਰਡਰ ਤੋਂ ਫ਼ੌਜ ਪਿੱਛੇ ਨਹੀਂ ਹਟੇਗੀ। ਇਸ ਤੋਂ ਇਲਾਵਾ ਸਰਕਾਰ ਨੇ ਫ਼ੌਜ ਨੂੰ ਕੁਝ ਅਤਿ ਆਧੁਨਿਕ ਹਥਿਆਰ ਵੀ ਦਿੱਤੇ ਹਨ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਚੀਨ ਇੱਕ ਪਾਸੇ ਭਾਰਤ (India) ਨਾਲ ਗੱਲ਼ਬਾਤ ਕਰ ਰਿਹਾ ਹੈ ਤੇ ਦੂਜੇ ਪਾਸੇ ਫੌਜੀ ਤਿਆਰੀਆਂ ਵਿੱਚ ਜੁੱਟਿਆ ਹੈ।
ਮੀਡੀਆ ਰਿਪੋਰਟ ਮੁਤਾਬਕ ਭਾਰਤ ਤੇ ਚੀਨ ਵਿਚਾਲੇ ਲੱਦਾਖ ਬਾਰਡਰ ਉੱਤੇ ਸਰਦੀਆਂ ’ਚ ਅਕਸਰ ਭਾਰਤੀ ਫ਼ੌਜ ਤੇ ਚੀਨੀ ਫ਼ੌਜੀ ਪੈਟ੍ਰੋਲਿੰਗ ਕਰਦੇ ਰਹਿੰਦੇ ਹਨ ਪਰ ਇਸ ਵਾਰ ਚੀਨ ਨੇ ਆਖ ਦਿੱਤਾ ਹੈ ਕਿ ਉਸ ਦੇ ਫ਼ੌਜੀ ਸਰਦੀਆਂ ’ਚ LAC ਉੱਤੇ ਡਟੇ ਰਹਿਣਗੇ ਤੇ ਪਿੱਛੇ ਹਟਣ ਦਾ ਉਨ੍ਹਾਂ ਦਾ ਕੋਈ ਇਰਾਦਾ ਵੀ ਨਹੀਂ ਹੈ। ਚੀਨੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਬਾਰਡਰ ’ਤੇ ਰਹਿਣ ਵਾਲੇ ਫ਼ੌਜੀਆਂ ਨੂੰ ਅਤਿ ਆਧੁਨਿਕ ਹਥਿਆਰ ਵੀ ਦਿੱਤੇ ਗਏ ਹਨ। ਫ਼ੌਜ ਨੂੰ ਲੱਦਾਖ ਤੇ ਅਜਿਹੇ ਉੱਚੇ ਪਹਾੜੀ ਇਲਾਕਿਆਂ ਲਈ ਹਾਈ–ਟੈੱਕ ਉਪਕਰਣ ਜਿਵੇਂ ਸਪੈਸ਼ਲ ਕੱਪੜੇ, ਜੁੱਤੀਆਂ, ਟੈਂਟ ਆਦਿ ਦਿੱਤੇ ਜਾਂਦੇ ਹਨ।