ਬੀਜਿੰਗ: ਕੋਰੋਨਾ ਵਾਇਰਸ ਦਾ ਸ਼ੁਰੂਆਤੀ ਕੇਂਦਰ ਚੀਨ ਇਸ ਤੋਂ ਉੱਭਰ ਆਇਆ ਹੈ ਪਰ ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ ਇਸ ਨਾਲ ਬੁਰੀ ਤਰ੍ਹਾਂ ਜੂਝ ਰਹੇ ਹਨ। ਕੋਰੋਨਾ ਵਾਇਰਸ ਲਈ ਦੁਨੀਆਂ ਭਰ ਦੇ ਦੇਸ਼ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ। ਸਭ ਦਾ ਇਲਜ਼ਾਮ ਇਹ ਰਿਹਾ ਹੈ ਕਿ ਚੀਨ ਨੇ ਵਾਇਰਸ ਬਾਰੇ ਖ਼ਬਰ ਦੇਰੀ ਨਾਲ ਦਿੱਤੀ। ਉਧਰ, ਚੀਨ ਸ਼ੁਰੂਆਤ ਤੋਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਾ ਆ ਰਿਹਾ ਹੈ।
ਅਜਿਹੇ ‘ਚ ਹੁਣ ਚੀਨ ਨੇ ਵਾਇਰਸ ‘ਤੇ ਵਾਈਟ ਪੇਪਰ ਜਾਰੀ ਕਰਦਿਆਂ ਆਪਣੇ ਆਪ ਨੂੰ ਨਿਰੋਦਸ਼ ਠਹਿਰਾਇਆ ਹੈ। ਚੀਨ ਦਾ ਕਹਿਣਾ ਹੈ ਕਿ 27 ਦਸੰਬਰ, 2019 ਨੂੰ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਪਰ 19 ਜਨਵਰੀ, 2020 ਤਕ ਉਸ ਨੂੰ ਨਹੀਂ ਪਤਾ ਸੀ ਕਿ ਇਹ ਵਾਇਰਸ ਇੱਕ ਇਨਸਾਨ ਤੋਂ ਦੂਜੇ ਇਨਸਾਨ ਤਕ ਫੈਲਦਾ ਹੈ। ਇਸ ਤੋਂ ਬਾਅਦ ਹੀ ਕੋਰੋਨਾ ਦੀ ਰੋਕਥਾਮ ਲਈ ਯਤਨ ਸ਼ੁਰੂ ਕੀਤੇ।
ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ‘ਤੇ ਇਲਜ਼ਾਮ ਲਾਏ ਸਨ ਕਿ ਉਸ ਨੇ ਇਸ ਘਾਤਕ ਬਿਮਾਰੀ ਦੀ ਸਹੀ ਜਾਣਕਾਰੀ ਦੁਨੀਆਂ ਨੂੰ ਨਹੀਂ ਦਿੱਤੀ। ਇਸ ਕਾਰਨ ਦੁਨੀਆਂ ‘ਚ ਵਿਆਪਕ ਜਾਨ ਹਾਨੀ ਤੇ ਆਰਥਿਕ ਸੰਕਟ ਪੈਦਾ ਹੋਇਆ ਹੈ।
ਪੂਰੀ ਦੁਨੀਆਂ ‘ਚ ਵਾਇਰਸ ਪਹੁੰਚਾਉਣ ਵਾਲੇ ਚੀਨ ‘ਚ ਕੋਰੋਨਾ ਵਾਇਰਸ ਦੇ 84,177 ਮਾਮਲੇ ਪੌਜ਼ੇਟਿਵ ਹੋਏ ਸਨ। ਚੀਨ ਨੇ ਆਪਣੇ ਵਾਈਟ ਪੇਪਰ ‘ਚ ਦੱਸਿਆ ਕਿ ਰਾਸ਼ਟਰੀ ਸਿਹਤ ਕਮਿਸ਼ਨ ਵੱਲੋਂ ਬਣਾਈ ਉੱਚ ਪੱਧਰੀ ਮਾਹਿਰ ਟੀਮ ਨੇ 19 ਜਨਵਰੀ ਨੂੰ ਪਹਿਲੀ ਵਾਰ ਪੁਸ਼ਟੀ ਕੀਤੀ ਸੀ ਕਿ ਕੋਵਿਡ-19 ਇਨਸਾਨ ਤੋਂ ਦੂਜੇ ਇਨਸਾਨ ਤਕ ਫੈਲਦਾ ਹੈ। ਚੀਨ ਦਾ ਦਾਅਵਾ ਹੈ ਕਿ 19 ਜਨਵਰੀ ਤੋਂ ਪਹਿਲਾਂ ਉਨ੍ਹਾਂ ਕੋਲ ਇਸ ਬਾਰੇ ਠੋਸ ਸਬੂਤ ਨਹੀਂ ਸਨ।