ਤਾਇਵਾਨ ਦੇ ਹਵਾਈ ਖੇਤਰ ’ਚ ਚੀਨ ਦੀ ਸਭ ਤੋਂ ਵੱਡੀ ਘੁਸਪੈਠ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਚੱਲ ਰਹੀਆਂ ਫ਼ੌਜੀ ਸਰਗਰਮੀਆਂ ਤੋਂ ਅਮਰੀਕਾ ਦੇ ਰਣਨੀਤੀਕਾਰ ਚਿੰਤਤ ਤੇ ਚੌਕੰਨੇ ਹੋ ਗਏ ਹਨ। ਰੱਖਿਆ ਵਿਭਾਗ ਪੈਂਟਾਗਨ ਨੇ ਚੌਕਸ ਕੀਤਾ ਕਿ ਇਥੇ ਖ਼ਤਰਾ ਵਧ ਰਿਹਾ ਹੈ। ਇਧਰ ਰਿਪਬਲਿਕਨ ਆਗੂ ਨਿੱਕੀ ਹੇਲੀ ਨੇ ਕਿਹਾ ਹੈ ਕਿ ਤਾਇਵਾਨ ਨੂੰ ਲੈ ਕੇ ਚੀਨ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ। ਪਿਛਲੇ ਦਿਨੀਂ ਚੀਨ ਦੇ 28 ਲੜਾਕੂ ਜਹਾਜ਼ ਨੇ ਤਾਇਬਾਨ ਦੇ ਹਵਾਈ ਖੇਤਰ ’ਚ ਘੁਸਪੈਠ ਕੀਤੀ ਸੀ। ਇਹ ਸਭ ਤੋਂ ਵੱਡੀ ਘੁਸਪੈਠ ਸੀ। ਇਸ ਤੋਂ ਇਲਾਵਾ ਆਲੇ-ਦੁਆਲੇ ਖੇਤਰਾਂ ’ਚ ਚੀਨ ਦੀਆਂ ਫ਼ੌਜੀ ਸਰਗਰਮੀਆਂ ਵੀ ਚੱਲ ਰਹੀਆਂ ਹਨ।
ਪੈਂਟਾਗਨ ਦੇ ਬੁਲਾਰੇ ਨੇ ਜਾਪਾਨੀ ਮੀਡੀਆ ਨੂੰ ਕਿਹਾ ਕਿ ਤਾਇਵਾਨ ਨੂੰ ਲੈ ਕੇ ਉਸ ਖੇਤਰ ’ਚ ਅਸਥਿਰਤਾ ਵਧ ਰਹੀ ਹੈ। ਸਾਨੂੰ ਹੋਰ ਜ਼ਿਆਦਾ ਚੌਕੰਨੇ ਰਹਿਣ ਦੀ ਜ਼ਰੂਰਤ ਹੈ। ਅਮਰੀਕਾ ’ਚ ਰਿਪਬਲਿਕਨ ਪਾਰਟੀ ਦੀ ਮੁੱਖ ਆਗੂ ਨਿੱਕੀ ਹੇਲੀ ਨੇ ਬੁੱਧਵਾਰ ਨੂੰ ਇਕ ਬੈਠਕ ’ਚ ਕਿਹਾ ਕਿ ਤਾਇਵਾਨ ਦੇ ਮਾਮਲੇ ’ਚ ਅਮਰੀਕਾ ਨੂੰ ਚੀਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ। ਜੇ ਚੀਨ ਨੇ ਤਾਇਵਾਨ ’ਤੇ ਕਬਜ਼ਾ ਕਰ ਲਿਆ ਤਾਂ ਵਿਸ਼ਵ ਦੀਆਂ ਹੋਰ ਅਜਿਹੀਆਂ ਹੀ ਥਾਵਾਂ ’ਤੇ ਉਹ ਕਬਜ਼ਾ ਕਰਨ ਦੀ ਹਿੰਮਤ ਕਰ ਸਕਦਾ ਹੈ।