ਮੁੰਬਈ-ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਚੈਂਪੀਅਨਜ਼ ਟਰਾਫ਼ੀ ਤੇ ਇੰਗਲੈਂਡ ਖਿਲਾਫ਼ ਤਿੰਨ ਇਕ ਰੋਜ਼ਾ ਘਰੇਲੂ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ, ਪਰ ਉਸ ਦੀ ਉਪਲੱਬਧਤਾ ਫਿਟਨੈੱਸ ’ਤੇ ਮੁਨੱਸਰ ਕਰੇਗੀ। ਚੋਣਕਾਰਾਂ ਨੇ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਯਸ਼ੱਸਵੀ ਜੈਸਵਾਲ ਨੂੰ ਵੀ ਇਕ ਰੋਜ਼ਾ ਮੁਕਾਬਲੇ ਖੇਡਣ ਦਾ ਮੌਕਾ ਦਿੱਤਾ ਹੈ ਜਦੋਂਕਿ ਮੁਹੰਮਦ ਸ਼ਮੀ ਦੀ ਕੌਮੀ ਟੀਮ ਵਿਚ ਵਾਪਸੀ ਹੋਈ ਹੈ। ਹਾਲੀਆ ਆਸਟਰੇਲੀਆ ਦੌਰੇ ਦੌਰਾਨ ਸਿਡਨੀ ਟੈਸਟ ਵਿਚ ਬੁਮਰਾਹ ਕੜੱਲ ਦੀ ਸਮੱਸਿਆ ਕਰਕੇ ਟੈਸਟ ਮੈਚ ਦੇ ਆਖਰੀ ਦਿਨ ਗੇਂਦਬਾਜ਼ੀ ਨਹੀਂ ਕਰ ਸਕਿਆ ਸੀ। ਚੈਂਪੀਅਨਜ਼ ਟਰਾਫ਼ੀ 19 ਫਰਵਰੀ ਤੋਂ ਸ਼ੁਰੂ ਹੋਵੇਗੀ। ਮੁਕਾਬਲੇ ਦੀ ਮੇਜ਼ਬਾਨੀ ਪਾਕਿਸਤਾਨ ਵੱਲੋਂ ਕੀਤੀ ਜਾਣੀ ਹੈ, ਪਰ ਭਾਰਤ ਆਪਣੇ ਸਾਰੇ ਮੈਚ ਦੁਬਈ ਵਿਚ ਖੇੇਡੇਗਾ। ਸ਼ੁਭਮਨ ਗਿੱਲ ਨੂੰ ਭਾਰਤੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ ਜਦੋਂਕਿ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਟੀਮ ਵਿਚ ਥਾਂ ਨਹੀਂ ਮਿਲੀ। ਚੈਂਪੀਅਨਜ਼ ਟਰਾਫ਼ੀ ਤੇ ਇੰਗਲੈਂਡ ਖਿਲਾਫ਼ ਇਕ ਰੋਜ਼ਾ ਮੈਚਾਂ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅੱਈਅਰ, ਕੇਐੱਲ ਰਾਹੁਲ, ਹਾਰਦਿਕ ਪੰਡਿਆ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਯਸ਼ੱਸਵੀ ਜੈਸ਼ਵਾਲ, ਰਿਸ਼ਭ ਪੰਤ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ(ਸਿਰਫ਼ ਇੰਗਲੈਂਡ ਖਿਲਾਫ ਲੜੀ ਲਈ)।