22.12 F
New York, US
February 22, 2025
PreetNama
ਸਮਾਜ/Socialਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਚੈਂਪੀਅਨਜ਼ ਟਰਾਫੀ 2025: ਲੰਮੇ ਅਰਸੇ ਬਾਅਦ ਮੇਜ਼ਬਾਨੀ ਲਈ ਤਿਆਰ ਪਾਕਿਸਤਾਨ

ਚੰਡੀਗੜ੍ਹ-ਮਜ਼ਾਹੀਆ ਮੀਮਜ਼ (Memes) ਜਾਂ ਭਾਰਤ ਨਾਲ ਤਣਾਅਪੂਰਨ ਸਬੰਧਾਂ ਲਈ ਨਹੀਂ ਬਲਕਿ ਹੁਣ ਕਰੀਬ ਤਿੰਨ ਦਹਾਕਿਆਂ ਬਾਅਦ ਕਿਸੇ ਵੱਡੇ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਸਭ ਦੀਆਂ ਨਜ਼ਰਾਂ ਪਾਕਿਸਤਾਨ ’ਤੇ ਹੋਣਗੀਆਂ।

ਇਹ ਟੂਰਨਾਮੈਂਟ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਨੌਜਵਾਨ ਪੀੜ੍ਹੀ ਲਈ ਆਪਣੇ ਮਨਪਸੰਦ ਕੌਮਾਂਤਰੀ ਖਿਡਾਰੀਆਂ ਨੂੰ ਲਾਈਵ ਖੇਡਦੇ ਦੇਖਣ ਦਾ ਪਹਿਲਾ ਤਜਰਬਾ ਹੋਵੇਗਾ। ਆਖ਼ਰੀ ਵਾਰ ਪਾਕਿਸਤਾਨ ਨੇ 1996 ਵਿਚ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਭਾਰਤ ਅਤੇ ਸ਼੍ਰੀਲੰਕਾ ਸਹਿ-ਮੇਜ਼ਬਾਨ ਸਨ।

ਮਾਰਚ 2009 ਵਿਚ ਲਾਹੌਰ ’ਚ ਸ੍ਰੀਲੰਕਾ ਦੀ ਟੀਮ ’ਤੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਦੀ ਪਾਕਿਸਤਾਨ ’ਚੋਂ ਰੁਖ਼ਸਤਗੀ ਸ਼ੁਰੂ ਹੋ ਗਈ ਸੀ। ਇਸ ਘਟਨਾ ਨੇ ਦੂਜੇ ਮੁਲਕਾਂ ਦੀਆਂ ਕੌਮਾਂਤਰੀ ਟੀਮਾਂ ਨੂੰ ਕਰੀਬ ਇੱਕ ਦਹਾਕੇ ਤੱਕ ਪਾਕਿਸਤਾਨ ਦੇ ਦੌਰੇ ਤੋਂ ਦੂਰ ਰੱਖਿਆ। ਕਰੀਬ ਇਕ ਦਹਾਕੇ ਬਾਅਦ 2019 ਵਿੱਚ ਪਾਕਿਸਤਾਨ ਵਿੱਚ ਟੈਸਟ ਕ੍ਰਿਕਟ ਦੀ ਵਾਪਸੀ ਹੋਈ। ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕੀਤਾ। ਸ੍ਰੀਲੰਕਾ 2019 ਵਿੱਚ ਪਾਕਿਸਤਾਨ ’ਚ ਟੈਸਟ ਲੜੀ ਖੇਡਣ ਵਾਲਾ ਪਹਿਲਾ ਦੇਸ਼ ਸੀ।

ਚੈਂਪੀਅਨਜ਼ ਟਰਾਫੀ ਦੌਰਾਨ ਭਾਰਤ ਨੇ ਪਾਕਿਸਤਾਨ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਲਿਜਾਣ ਦੀਆਂ ਚਰਚਾਵਾਂ ਵਿਚਕਾਰ ਆਖਰਕਾਰ ਇਹ ਮਾਮਲਾ ਉਦੋਂ ਸੁਲਝ ਗਿਆ ਜਦੋਂ ਪਾਕਿਸਤਾਨ ਅਤੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਹਾਈਬ੍ਰਿਡ ਮੋਡ ਤਹਿਤ ਭਾਰਤੀ ਟੀਮ ਦੇ ਮੈਚ ਦੁਬਈ ਵਿੱਚ ਕਰਵਾਉਣ ਲਈ ਸਹਿਮਤ ਹੋ ਗਏ।

ਇਸ ਦੌਰਾਨ ਪਾਕਿਸਤਾਨ ਵਿਚ ਕ੍ਰਿਕਟ ਦੀ ਖੇਡ ਨੂੰ ਲੈ ਕੇ ਖਰਾਬ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਫ਼ਿਕਰਾਂ ਬਾਰੇ ਵੀ ਰਿਪੋਰਟਾਂ ਆਈਆਂ, ਜਿਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ’ਤੇ ਭਾਰੀ ਦਬਾਅ ਪਾਇਆ। ਹਾਲਾਂਕਿ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ, ‘‘ਪਾਕਿਸਤਾਨ ਚੈਂਪੀਅਨਜ਼ ਟਰਾਫੀ ਲਈ ਪੂਰੀ ਤਰ੍ਹਾਂ ਤਿਆਰ ਹੈ। 29 ਸਾਲਾਂ ਬਾਅਦ ਪਾਕਿਸਤਾਨ ਵਿੱਚ ਟੂਰਨਾਮੈਂਟ ਦੀ ਵਾਪਸੀ ਮਾਣ ਵਾਲੀ ਗੱਲ ਹੈ।’’ ਉਨ੍ਹਾਂ ਪੁਸ਼ਟੀ ਕੀਤੀ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਉਦਘਾਟਨੀ ਮੈਚ ਦੇ ਮੁੱਖ ਮਹਿਮਾਨ ਹੋਣਗੇ।

ਅੱਠ ਦੇਸ਼ਾਂ ਵਿਚਾਲੇ ਇਕ ਰੋਜ਼ਾ ਮੈਚਾਂ ਦਾ ਇਹ ਟੂਰਨਾਮੈਂਟ ਅੱਠ ਸਾਲਾਂ ਦੇ ਵਕਫ਼ੇ ਮਗਰੋਂ ਹੋਣ ਜਾ ਰਿਹਾ ਹੈ। 2017 ਵਿੱਚ ਇੰਗਲੈਂਡ ਦੀ ਮੇਜ਼ਬਾਨੀ ਵਿਚ ਹੋਏ ਟੂਰਨਾਮੈਂਟ ਦੌਰਾਨ ਪਾਕਿਸਤਾਨ ਨੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ।

ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕੋਂ ਗਰੁੱਪ ’ਚ-ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਬੰਗਲਾਦੇਸ਼ ਗਰੁੱਪ ‘ਏ’ ਵਿੱਚ ਹਨ, ਜਦੋਂ ਕਿ ਇੰਗਲੈਂਡ, ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਅਫਗਾਨਿਸਤਾਨ ਨੂੰ ਗਰੁੱਪ ‘ਬੀ’ ਵਿੱਚ ਰੱਖਿਆ ਗਿਆ ਹੈ। ਹਰੇਕ ਗਰੁੱਪ ਵਿੱਚੋਂ ਸਿਖਰਲੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।

ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਗਰੁੱਪ ਗੇੜ ਦੇ ਤਿੰਨ-ਤਿੰਨ ਮੈਚਾਂ ਦੀ ਮੇਜ਼ਬਾਨੀ ਕਰਨਗੇ। ਦੁਬਈ ਭਾਰਤ ਦੇ ਤਿੰਨੋਂ ਗਰੁੱਪ ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ 23 ਫਰਵਰੀ ਨੂੰ ਪਾਕਿਸਤਾਨ ਨਾਲ ਹੋਣ ਵਾਲਾ ਮੈਚ ਵੀ ਸ਼ਾਮਲ ਹੈ। ਸੈਮੀਫਾਈਨਲ ਲਾਹੌਰ ਅਤੇ ਦੁਬਈ ਵਿੱਚ ਖੇਡੇ ਜਾਣਗੇ। ਜੇਕਰ ਭਾਰਤ ਕੁਆਲੀਫਾਈ ਕਰਦਾ ਹੈ ਤਾਂ ਦੁਬਈ ਫਾਈਨਲ ਦੀ ਮੇਜ਼ਬਾਨੀ ਵੀ ਕਰੇਗਾ, ਨਹੀਂ ਤਾਂ ਇਹ ਲਾਹੌਰ ਵਿੱਚ ਖੇਡਿਆ ਜਾਵੇਗਾ।

Related posts

ਕੈਨੇਡਾ ਤੇ ਅਮਰੀਕਾ ਦਾ ਰਲੇਵਾਂ ਬੱਚਿਆਂ ਵਾਲੀ ਖੇਡ ਨਹੀਂ:ਜਸਟਿਨ ਟਰੂਡੋ

On Punjab

ਸਰਕਾਰੀ ਕਾਲਜ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਨਾਇਆ ਕਾਲਜ ਦਾ ਸ਼ਤਾਬਦੀ ਵਰ੍ਹਾ

On Punjab

‘ਦਿੱਲੀ ‘ਚ ਇੱਕ ਹੋਰ 1984 ਦੀ ਇਜਾਜ਼ਤ ਨਹੀਂ’, ਹਿੰਸਾ ‘ਤੇ ਹਾਈ ਕੋਰਟ ਨੇ ਕੀਤੀ ਸਖਤ ਟਿੱਪਣੀ

On Punjab