ਰਾਸ਼ਟਰਪਤੀ ਦੀ ਚੋਣ ਤੋਂ ਠੀਕ ਪਹਿਲੇ ਅਮਰੀਕੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਨ ਲਈ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ੇ ਨੂੰ ਲੈ ਕੇ ਅਹਿਮ ਕਦਮ ਚੁੱਕਿਆ ਹੈ। ਉਸ ਨੇ ਵੀਜ਼ਾ ਚੋਣ ਪ੍ਰਕਿਰਿਆ ਵਿਚ ਇਸਤੇਮਾਲ ਹੋਣ ਵਾਲੀ ਕੰਪਿਊਟ੍ਰਾਈਜ਼ਡ ਲਾਟਰੀ ਸਿਸਟਮ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੀ ਥਾਂ ਤਨਖ਼ਾਹ ਆਧਾਰਤ ਚੋਣ ਪ੍ਰਕਿਰਿਆ ਦਾ ਪ੍ਰਸਤਾਵ ਰੱਖਿਆ ਹੈ। ਇਹ ਵੀਜ਼ਾ ਵਿਦੇਸ਼ੀ ਪੇਸ਼ੇਵਰਾਂ ਲਈ ਜਾਰੀ ਕੀਤਾ ਜਾਂਦਾ ਹੈ ਜੋ ਭਾਰਤੀਆਂ ਵਿਚ ਖ਼ਾਸਾ ਲੋਕਪਿ੍ਰਆ ਹੈ।
ਅਮਰੀਕਾ ਦੇ ਗ੍ਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਨੇ ਪ੍ਰਸਤਾਵਿਤ ਨਵੀਂ ਪ੍ਰਕਿਰਿਆ ਦੇ ਸਬੰਧ ਵਿਚ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ। ਇਹ ਨੋਟੀਫਿਕੇਸ਼ਨ ਰਾਸ਼ਟਰਪਤੀ ਚੋਣ ਤੋਂ ਸਿਰਫ਼ ਪੰਜ ਦਿਨ ਪਹਿਲੇ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਕਿਹਾ ਕਿ ਲਾਟਰੀ ਸਿਸਟਮ ਦੀ ਥਾਂ ਨਵੀਂ ਪ੍ਰਕਿਰਿਆ ਅਪਣਾਏ ਜਾਣ ਨਾਲ ਅਮਰੀਕੀ ਪੇਸ਼ੇਵਰਾਂ ਦੀ ਤਨਖ਼ਾਹ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਵਿਚ ਮਦਦ ਮਿਲੇਗੀ। ਤਨਖ਼ਾਹ ਆਧਾਰਤ ਚੋਣ ਪ੍ਰਕਿਰਿਆ ਨਾਲ ਐੱਚ-1ਬੀ ਵੀਜ਼ਾ ਧਾਰਕਾਂ ਅਤੇ ਅਮਰੀਕੀ ਪੇਸ਼ੇਵਰਾਂ ਦੇ ਹਿੱਤਾਂ ਵਿਚ ਬਿਹਤਰ ਸੰਤੁਲਨ ਸਥਾਪਿਤ ਕਰਨ ਵਿਚ ਮਦਦ ਮਿਲੇਗੀ। ਡੀਐੱਚਐੱਸ ਦੇ ਕਾਰਜਕਾਰੀ ਡਿਪਟੀ ਸੈਕਟਰੀ ਕੇਨ ਕਚੀਨੇਲੀ ਨੇ ਕਿਹਾ ਕਿ ਇਸ ਪ੍ਰਸਤਾਵਿਤ ਨਿਯਮ ਨਾਲ ਟਰੰਪ ਪ੍ਰਸ਼ਾਸਨ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਆਪਣੇ ਵਾਅਦਿਆਂ ਨੂੰ ਲਗਾਤਾਰ ਪੂਰਾ ਕਰ ਰਿਹਾ ਹੈ। ਐੱਚ-1ਬੀ ਵੀਜ਼ਾ ਪ੍ਰਰੋਗਰਾਮ ਦੀ ਆਮ ਤੌਰ ‘ਤੇ ਅਮਰੀਕੀ ਮਾਲਕਾਂ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਵੀਜ਼ੇ ਰਾਹੀਂ ਮੁੱਖ ਤੌਰ ‘ਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 22 ਜੂਨ ਨੂੰ ਇਕ ਕਾਰਜਕਾਰੀ ਆਦੇਸ਼ ਜਾਰੀ ਕਰ ਕੇ ਐੱਚ-1ਬੀ ਅਤੇ ਐੱਲ-1 ਸਮੇਤ ਕਈ ਵੀਜ਼ਿਆਂ ‘ਤੇ ਇਸ ਸਾਲ ਦੇ ਅਖੀਰ ਤਕ ਰੋਕ ਲਗਾ ਦਿੱਤੀ ਸੀ। ਟਰੰਪ ਸੱਤਾ ਵਿਚ ਆਉਣ ਪਿੱਛੋਂ ਲਗਾਤਾਰ ਐੱਚ-1ਬੀ ਵੀਜ਼ੇ ‘ਤੇ ਰੋਕ ਲਗਾ ਰਹੇ ਹਨ।
ਐੱਚ-1ਬੀ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ਵਿਚ ਖ਼ਾਸਾ ਲੋਕਪਿ੍ਰਆ ਹੈ। ਇਸ ਵੀਜ਼ੇ ਰਾਹੀਂ ਅਮਰੀਕੀ ਕੰਪਨੀਆਂ ਉੱਚ ਸਿੱਖਿਅਤ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀ ਹੈ। ਹਰ ਸਾਲ ਵੱਖ-ਵੱਖ ਸ਼੍ਰੇਣੀਆਂ ਵਿਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ।