ਹਰਿਆਣਾ: ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੇ ਰਾਮਪਾਲ ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਆਉਂਦਿਆਂ ਹੀ ਆਪਣੀਆਂ ਆਈਟੀ ਟੀਮਾਂ ਨੂੰ ਸੋਸ਼ਲ ਮੀਡੀਆ ‘ਤੇ ਸਰਗਰਮ ਕਰ ਦਿੱਤਾ ਹੈ। ਇਸ ਦਾ ਉਦੇਸ਼ ਆਪਣੇ ਸਮਰਥਕਾਂ ਦੀ ਗਿਣਤੀ ਵਧਾਉਂਦੇ ਹੋਏ ਆਪਣੇ ਵਜੂਦ ਨੂੰ ਬਚਾਈ ਰੱਖਣਾ ਹੈ। ਇਸ ਲਈ ਇਹ ਦੋਵੇਂ ਆਪਣੀ ਮੁਹਿੰਮ ਰਾਹੀਂ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਸਿਆਸੀ ਪਾਰਟੀਆਂ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਹਨ। ਰਾਮ ਰਹੀਮ ਤੇ ਰਾਮਪਾਲ ਦੀਆਂ ਟੀਮਾਂ ਸੋਸ਼ਲ ਮੀਡੀਆ ‘ਤੇ ਆਪਣੇ ਵੱਕਾਰ ਨੂੰ ਮੁੜ ਤੋਂ ਕਾਇਮ ਕਰ ਰਹੀਆਂ ਹਨ। ਇਸ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।
ਦੋ ਮਹਿਲਾਵਾਂ ਨਾਲ ਬਲਾਤਕਾਰ ਦਾ ਦੋਸ਼ੀ ਰਾਮ ਰਹੀਮ ਰੋਹਤਕ ਜੇਲ੍ਹ ਵਿੱਚ ਬੰਦ ਹੈ। ਇਸ ਦੇ ਨਾਲ ਹੀ ਸਤਲੋਕ ਆਸ਼ਰਮ ਦਾ ਮੁਖੀ ਰਾਮਪਾਲ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਵੀ ਚਾਰ ਮਹਿਲਾਵਾਂ ਤੇ ਇੱਕ ਬੱਚੇ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਦੋਵਾਂ ਬਾਬਿਆਂ ਦੀਆਂ ਆਈਟੀ ਟੀਮਾਂ ਦਿਨ ਦੀਆਂ ਸਭ ਤੋਂ ਵੱਧ ਚਰਚਿਤ ਪੋਸਟਾਂ ‘ਤੇ ਨਜ਼ਰ ਰੱਖਦੀਆਂ ਹਨ। ਇਸ ਤੋਂ ਇਲਾਵਾ ਵੱਡੀਆਂ ਸ਼ਖਸੀਅਤਾਂ, ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀਆਂ ਪੋਸਟਾਂ ਵੀ ਵੇਖੀਆਂ ਜਾਂਦੀਆਂ ਹਨ। ਇਸ ਵਿੱਚ ਕੁਮੈਂਟਸ ਤੇ ਰੀਟਵੀਟ ਜ਼ਰੀਏ ਅਜਿਹੀਆਂ ਪੋਸਟਾਂ ਤੇ ਵੀਡਿਓ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਬਾਬਿਆਂ ਨੇ ਹੁਣ ਤੱਕ ਕੀ ਚਮਤਕਾਰ ਕੀਤੇ ਹਨ ਤੇ ਬੇਕਸੂਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਿਸ ਤਰ੍ਹਾਂ ਫਸਾਇਆ ਗਿਆ ਹੈ। ਫਿਰ ਇਨ੍ਹਾਂ ਨੂੰ ਵੱਧ ਤੋਂ ਵੱਧ ਲੋਕਾਂ ਤੇ ਆਪਣੇ ਸਮਰਥਕਾਂ ਵਿੱਚ ਫੈਲਾਇਆ ਜਾਂਦਾ ਹੈ।ਉਨ੍ਹਾਂ ਦਾ ਆਈਟੀ ਸੈੱਲ ਬੀਜੇਪੀ ਤੇ ਕਾਂਗਰਸ ਦੀਆਂ ਆਈਟੀ ਟੀਮਾਂ ਵਾਂਗ ਕੰਮ ਕਰਦਾ ਹੈ। ਇਸ ਦੇ ਲਈ ਆਈਟੀ ਮਾਹਰ ਰੱਖੇ ਗਏ ਹਨ, ਜਿਨ੍ਹਾਂ ਨੂੰ ਮੋਟੀ ਤਨਖਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕੰਮ ਰੋਜ਼ਾਨਾ ਦੇ ਟਰਟਿਤ ਟਵੀਟਸ, ਪੋਸਟਾਂ ਜਾਂ ਟਰੈਂਡਜ਼ ਨੂੰ ਫੌਲੋ ਕਰਕੇ ਉਨ੍ਹਾਂ ਵਿੱਚ ਆਪਣੀਆਂ ਪੋਸਟਾਂ ਜਾਂ ਕੁਮੈਂਟ ਪਾਉਣਾ ਹੈ।
ਇਸ ਦੇ ਨਾਲ ਹੀ ਹਰ ਰੋਜ਼ ਵੱਖ-ਵੱਖ ਨਾਵਾਂ ਨਾਲ ਹੈਸ਼ਟੈਗ ਚਲਾ ਕੇ ਇਹ ਦੱਸਿਆ ਜਾਂਦਾ ਹੈ ਕਿ ਸਰਕਾਰ ਨੇ ਬਾਬੇ ਨਾਲ ਕਿਵੇਂ ਗਲਤ ਕੀਤਾ। ਹੁਣ ਤੱਕ, ਚੋਣਾਂ ਦੇ ਐਲਾਨ ਦੇ 30 ਦਿਨਾਂ ਦੇ ਅੰਦਰ, ਰਾਮ ਰਹੀਮ ਦੇ ਨਾਮ ‘ਤੇ 30 ਹੈਸ਼ਟੈਗ ਟ੍ਰੈਂਡ ਕਰਾਏ ਜਾ ਚੁੱਕੇ ਹਨ।