ਅਮਰੀਕਾ ‘ਚ ਚੋਣ ਨਤੀਜਿਆਂ ਖ਼ਿਲਾਫ਼ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਦੇ ਸਮਰਥਨ ‘ਚ ਹਜ਼ਾਰਾਂ ਲੋਕਾਂ ਨੇ ਵਾਸ਼ਿੰਗਟਨ ‘ਚ ਰੈਲੀਆਂ ਕੀਤੀਆਂ। ਇਸ ਦੌਰਾਨ ਟਰੰਪ ਸਮਰਥਕ ਤੇ ਵਿਰੋਧੀ ਮੁਜ਼ਾਹਰਾਕਾਰੀਆਂ ਵਿਚਕਾਰ ਝੜਪ ਹੋਈ। ਚਾਕੂਬਾਜ਼ੀ ਦੀ ਵਾਰਦਾਤ ਕਾਰਨ ਜਿੱਥੇ ਚਾਰ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣਾ ਪਿਆ ਉੱਥੇ ਹੀ ਪੁਲਿਸ ਨੇ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਰੈਲੀਆਂ ‘ਚ ਟਰੰਪ ਦੇ ਵਧੇਰੇ ਸਮਰਥਕਾਂ ਨੇ ਮਾਸਕ ਨਹੀਂ ਪਾਇਆ ਸੀ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬਾਇਡਨ ਨੂੰ 46ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਗ਼ੈਰ ਰਸਮੀ ਤੌਰ ‘ਤੇ ਚੁਣਨ ਲਈ ਇਲੈਕਟੋਰਲ ਕਾਲਜ ਦੀ ਬੈਠਕ ਤੋਂ ਸਿਰਫ਼ ਦੋ ਦਿਨ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਟਰੰਪ ਦਾ ਕਾਰਜਕਾਲ 20 ਜਨਵਰੀ ਨੂੰ ਖ਼ਤਮ ਹੋਵੇਗਾ, ਪਰ ਉਨ੍ਹਾਂ ਨੇ ਹਾਰ ਸਵੀਕਾਰ ਨਹੀਂ ਕੀਤੀ ਤੇ ਧੋਖਾਧੜੀ ਦੇ ਬੇਬੁਨਿਆਦ ਦੋਸ਼ ਲਗਾਏ। ਇਸ ਨੂੰ ਕਈ ਅਦਾਲਤਾਂ ਨੇ ਖਾਰਜ ਕਰ ਦਿੱਤਾ ਹੈ।ਟਰੰਪ ਨੇ ਰੈਲੀਆਂ ਬਾਰੇ ਹੈਰਾਨੀ ਪ੍ਰਗਟਾਉਂਦਿਆਂ ਸ਼ਨਿਚਰਵਾਰ ਸਵੇਰੇ ਟਵੀਟ ‘ਚ ਕਿਹਾ, ‘ਵਾਹ! ਧੋਖਾਧੜੀ ਰੋਕਣ ਲਈ ਹਜ਼ਾਰਾਂ ਲੋਕ ਵਾਸ਼ਿੰਗਟਨ ਡੀਸੀ ‘ਚ ਇਕੱਠੇ ਹੋ ਰਹੇ ਹਨ। ਮੈਨੂੰ ਇਸ ਦੀ ਜਾਣਕਾਰੀ ਨਹੀਂ ਸੀ, ਮੈਂ ਉਨ੍ਹਾਂ ਨੂੰ ਮਿਲਾਂਗਾ।’ ਓਧਰ, ਨਿਊਯਾਰਕ ਦੇ ਵੈਸਟ ਪੁਆਇੰਟ ‘ਚ ਥਲਸੈਨਾ-ਨੇਵੀ ਵਿਚਕਾਰ ਹੋਣ ਵਾਲੇ ਫੁੱਟਬਾਲ ਮੈਚ ਨੂੰ ਦੇਖਣ ਲਈ ਜਾ ਰਹੇ ਟਰੰਪ ਦਾ ਮਰੀਨ ਵਨ ਹੈਲੀਕਾਪਟਰ ਇਕ ਰੈਲੀ ਦੇ ਉੱਪਰੋਂ ਲੰਘਿਆ, ਜਿਸ ਨੂੰ ਦੇਖ ਕੇ ਸਮਰਥਕ ਉਤਸ਼ਾਹਤ ਹੋ ਗਏ। ਜਿਸ ਸਮੇਂ ਇਹ ਹੈਲੀਕਾਪਟਰ ਲੰਘਿਆ ਉਸ ਸਮੇਂ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਲੀਨ ਰੈਲੀ ਨੂੰ ਸੰਬੋਧਨ ਕਰ ਰਹੇ ਸਨ।