ਚੰਡੀਗੜ੍ਹ: ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇੱਥੇ ਉਸ ਵੇਲੇ ਦੀ ਜਸਟਿਸ ਨਿਰਮਲ ਯਾਦਵ ਦੇ ਘਰ ਭੇਜੀ ਗਈ ਨਗਦੀ ਮਾਮਲੇ ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਇਹ ਫੈਸਲਾ ਜਸਟਿਸ ਅਲਕਾ ਮਲਿਕ ਨੇ ਸੁਣਾਇਆ। ਇਹ ਪਤਾ ਲੱਗਿਆ ਹੈ ਕਿ ਨਿਰਮਲ ਯਾਦਵ ਸੁਣਵਾਈ ਵੇਲੇ ਹਾਜ਼ਰ ਨਹੀਂ ਸੀ। ਇਹ ਮਾਮਲਾ 17 ਸਾਲ ਪਹਿਲਾਂ ਦਾ ਹੈ।
ਇਸ ਤੋਂ ਪਹਿਲਾਂ ਬੀਤੇ ਦਿਨ ਸਰਕਾਰੀ ਪੱਖ ਵੱਲੋਂ ਅਦਾਲਤ ਕੋਲ ਪੇਸ਼ ਕੀਤੇ ਹੋਰ ਸਬੂਤਾਂ ’ਤੇ ਵਕੀਲਾਂ ਵੱਲੋਂ ਕੀਤੀ ਬਹਿਸ ਸਮਾਪਤ ਹੋ ਗਈ ਸੀ। ਸਰਕਾਰੀ ਧਿਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਛੇ ਗਵਾਹਾਂ ਤੋਂ ਪੁੱਛ-ਪੜਤਾਲ ਕੀਤੀ ਸੀ। ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਤਰਕ ਦਿੱਤਾ ਸੀ ਕਿ ਉਨ੍ਹਾਂ ਬਿਨਾਂ ਕਿਸੇ ਸ਼ੱਕ ਇਹ ਕੇਸ ਸਾਬਿਤ ਕਰ ਦਿੱਤਾ ਹੈ। ਹਾਲਾਂਕਿ, ਜਸਟਿਸ ਨਿਰਮਲ ਯਾਦਵ ਵੱਲੋਂ ਪੇਸ਼ ਵਕੀਲ ਵਿਸ਼ਾਲ ਗਰਗ ਨਰਵਾਣਾ ਨੇ ਤਰਕ ਦਿੱਤਾ ਕਿ ਸੀਬੀਆਈ ਨੇ ਉਨ੍ਹਾਂ ਨੂੰ ਗਲਤ ਢੰਗ ਨਾਲ ਕੇਸ ’ਚ ਫਸਾਇਆ ਸੀ ਜਦਕਿ ਏਜੰਸੀ ਵੱਲੋਂ ਖ਼ੁਦ ਹੀ ਇਸ ਕੇਸ ’ਚ ਕਲੋਜ਼ਰ ਰਿਪੋਰਟ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਜਸਟਿਸ ਯਾਦਵ ਦੇ ਪੱਖ ’ਚ ਹੋਰ ਵਕੀਲਾਂ ਨੇ ਵੀ ਦਾਅਵਾ ਕੀਤਾ ਕਿ ਸਰਕਾਰੀ ਧਿਰ ਦੋਸ਼ਾਂ ਨੂੰ ਸਾਬਤ ਕਰਨ ’ਚ ਫੇਲ੍ਹ ਸਾਬਿਤ ਹੋਈ ਹੈ। ਦਰਅਸਲ, ਚੰਡੀਗੜ੍ਹ ਪੁਲੀਸ ਨੇ 16 ਅਗਸਤ 2008 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਨਿਰਮਲਜੀਤ ਕੌਰ ਦੀ ਰਿਹਾਇਸ਼ ’ਤੇ ਕਥਿਤ ਤੌਰ ’ਤੇ 15 ਲੱਖ ਰੁਪਏ ਦੀ ਨਗ਼ਦੀ ਵਾਲੇ ਬੈਗ ਦੀ ਡਿਲਿਵਰੀ ਹੋਣ ਮਗਰੋਂ ਕੇਸ ਦਰਜ ਕੀਤਾ ਸੀ।