ਚੰਡੀਗੜ੍ਹ ਸਿੱਖਿਆ ਵਿਭਾਗ ਵਿੱਚ ਕੁਰਸੀ ’ਤੇ ਬੈਠਣ ਵਾਲੇ ਬਾਬੂਆਂ ਦੇ ਮਾੜੇ ਦਿਨ ਸ਼ੁਰੂ ਹੋਣ ਵਾਲੇ ਹਨ। ਡਾਇਰੈਕਟਰ ਸਕੂਲ ਸਿੱਖਿਆ (DSE) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (DEO) ਨੇ ਫਾਈਲਾਂ ਦਬਾ ਕੇ ਬੈਠੇ ਬਾਬੂਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਗਤੀਵਿਧੀਆਂ ਦੀ ਸੂਚੀ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਲ ਪੁੱਜਣੀ ਸ਼ੁਰੂ ਹੋ ਗਈ ਹੈ। ਸਿੱਖਿਆ ਵਿਭਾਗ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਜਨਤਾ ਨੇ ਹੁਣ ਬਾਬੂਆਂ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੀਆਂ ਫਾਈਲਾਂ ਨੂੰ ਲਟਕਾਉਣ ਅਤੇ ਬਿਨਾਂ ਵਜ੍ਹਾ ਦਫਤਰਾਂ ਦੇ ਧੱਕੇ ਖਵਾਉਣ ਵਾਲੇ ਅਫਸਰਾਂ ਨੂੰ ਹੁਣ ਹਰ ਫਾਈਲ ਦਾ ਜਵਾਬ ਦੇਣਾ ਪਵੇਗਾ।
ਪੁਖ਼ਤਾ ਸੂਤਰਾਂ ਅਨੁਸਾਰ ਐਡਵਾਈਜ਼ਰ ਧਰਮ ਪਾਲ ਨੇ ਸਿੱਖਿਆ ਸਕੱਤਰ ਪੂਰਵਾ ਗਰਗ ਤੇ ਹਾਲ ਹੀ ‘ਚ ਡਾਇਰੈਕਟਰ ਸਕੂਲ ਐਜੂਕੇਸ਼ਨ (ਡੀਐੱਸਈ) ਬਣੇ ਐੱਚਐੱਸ ਬਰਾੜ ਨੂੰ ਇਕ ਮਹੀਨੇ ਦੇ ਅੰਦਰ ਸਿੱਖਿਆ ਵਿਭਾਗ ਦੇ ਸਿਸਟਮ ਤੋਂ ਕੰਮਚੋਰ ਤੇ ਲੋਕਾਂ ਨੂੰ ਪਰੇਸ਼ਾਨਕ ਰਨ ਵਾਲੇ ਬਾਬੂਆਂ ਦੀ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਯੂਟੀ ਪ੍ਰਸ਼ਾਸਨ ‘ਚ ਇਸ ਵੇਲੇ ਮਾਪਿਆਂ ਤੋਂ ਲੈ ਕੇ ਮੁਲਾਜ਼ਮਾਂ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਕੋਈ ਸੁਣੲਾਈ ਨਾ ਕਰਨ ਸਮੇਤ ਕਈ ਗੰਭੀਰ ਦੋਸ਼ਾਂ ਸਬੰਧੀ ਸ਼ਿਕਾਇਤਾਂ ਆ ਰਹੀਆਂ ਹਨ।
ਰਿਟਾਇਰਮੈਂਟ ਬੈਨੀਫਿਟਸ ਲਈ ਸਾਲਾਂਬੱਧੀ ਚੱਕਰ ਕੱਟਣੇ ਪੈ ਰਹੇ
ਸੂਤਰਾਂ ਅਨੁਸਾਰ ਸਿੱਖਿਆ ਵਿਭਾਗ ਦੇ ਡੀਐਸਈ ਦਫ਼ਤਰ ‘ਚ ਅਫਸਰਾਂ ਦੀ ਮਿਹਰਬਾਨੀ ਕਾਰਨ 10 ਤੋਂ 15 ਸਾਲਾਂ ਤੋਂ ਇੱਕੋ ਸੀਟ ’ਤੇ ਜੰਮੇ ਬਾਬੂਆਂ ਨੂੰ ਉਤਾਰਨ ਦੀਆਂ ਹਦਾਇਤਾਂ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ। ਡੀਐਸਈ ਵਿਭਾਗ ;ਚ ਕਲਰਕ ਤੋਂ ਲੈ ਕੇ ਸੁਪਰਡੈਂਟ ਅਤੇ ਡੀਐਸਈ ਦੇ ਨਿੱਜੀ ਸਟਾਫ ਦੇ ਲੋਕ ਕਿਸੇ ਨਾਲ ਸਿੱਧੇ ਮੂੰਹ ਗੱਲ ਤਕ ਨਹੀਂ ਕਰਦੇ।
ਇੱਕ ਫਾਈਲ ਨੂੰ ਅੱਗੇ ਤੋਰਨ ਲਈ ਆਮ ਲੋਕਾਂ ਨੂੰ ਹੀ ਨਹੀਂ, ਸਗੋਂ ਸਿੱਖਿਆ ਵਿਭਾਗ ਵਿੱਚੋਂ ਸੇਵਾਮੁਕਤ ਮੁਲਾਜ਼ਮਾਂ ਨੂੰ ਵੀ ਹੰਝੂ ਵਹਾਉਣੇ ਪੈਂਦੇ ਹਨ, ਪਰ ਇੱਥੇ ਬੈਠੇ ਬਾਬੂਆਂ ਦੀ ਮਰਜ਼ੀ ਅੱਗੇ ਅਫ਼ਸਰ ਵੀ ਝੁਕ ਜਾਂਦੇ ਹਨ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਿੱਚ 2016 ਤੋਂ ਲੈ ਕੇ ਹੁਣ ਤਕ ਕਈ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਰਿਟਾਇਰਮੈਂਟ ਦੀਆਂ ਫਾਈਲਾਂ ਬਾਬੂ ਦੱਬੀ ਬੈਠੇ ਹਨ। ਸਿੱਖਿਆ ਵਿਭਾਗ ‘ਚ ਤਬਾਦਲਿਆਂ ਤੋਂ ਲੈ ਕੇ ਤਰੱਕੀਆਂ ਤੱਕ ਬਾਬੂਆਂ ਦੀ ਮਿਲੀਭੁਗਤ ਦੀ ਖੇਡ ਚੱਲ ਰਹੀ ਹੈ। ਯੂਟੀ ਪ੍ਰਸ਼ਾਸਕ ਨੇ ਹੁਣ ਅਜਿਹੇ ਬਾਬੂਆਂ ਨੂੰ ਸੀਟ ਤੋਂ ਚੁੱਕ ਕੇ ਬਾਹਰ ਸੁੱਟਣ ਲਈ ਕਿਹਾ ਹੈ।