ਅਮਰੀਕੀ ਪੁਲਾੜ ਏਜੰਸੀ ਨਾਸਾ ਚੰਦਰਮਾ ‘ਤੇ ਪ੍ਰਮਾਣੂ ਰਿਐਕਟਰਾਂ ਦਾ ਮੰਥਨ ਕਰ ਰਹੀ ਹੈ। ਜੇਕਰ ਇਸ ‘ਚ ਸਫਲਤਾ ਮਿਲਦੀ ਹੈ ਤਾਂ ਚੰਦਰਮਾ ‘ਤੇ ਭੇਜੇ ਗਏ ਪੁਲਾੜ ਮਿਸ਼ਨਾਂ ਦੀ ਊਰਜਾ ਦੀ ਕਮੀ ਦਾ ਸੰਕਟ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਇੱਥੇ ਮਨੁੱਖੀ ਬਸਤੀਆਂ ਵਸਾਉਣ ਦਾ ਸੁਪਨਾ ਸਾਕਾਰ ਹੋਣ ਦੀ ਆਸ ਵਧੇਗੀ। ਨਾਸਾ ਦੇ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਚੰਦਰਮਾ ‘ਤੇ ਇਹ ਯੋਜਨਾ ਸਫਲ ਹੁੰਦੀ ਹੈ ਤਾਂ ਮੰਗਲ ਗ੍ਰਹਿ ‘ਤੇ ਇਹ ਫਾਰਮੂਲਾ ਅਜ਼ਮਾਇਆ ਜਾ ਸਕਦਾ ਹੈ। ਨਾਸਾ ਤੇ ਅਮਰੀਕਾ ਦੀ ਚੋਟੀ ਦੀ ਸੰਘੀ ਪ੍ਰਮਾਣੂ ਖੋਜ ਪ੍ਰਯੋਗਸ਼ਾਲਾ ਨੇ ਇਸ ਸਬੰਧ ਵਿਚ ਦੁਨੀਆ ਭਰ ਦੇ ਵਿਗਿਆਨੀਆਂ ਤੋਂ ਪ੍ਰਸਤਾਵ ਮੰਗੇ ਹਨ। ਰਿਐਕਟਰ ਧਰਤੀ ‘ਤੇ ਬਣਾਇਆ ਜਾਵੇਗਾ ਅਤੇ ਫਿਰ ਚੰਦਰਮਾ ‘ਤੇ ਭੇਜਿਆ ਜਾਵੇਗਾ।
ਨਾਸਾ ਤੇ ਅਮਰੀਕਾ ਦੇ ਊਰਜਾ ਵਿਭਾਗ ਦੀ ਇਡਾਹੋ ਨੈਸ਼ਨਲ ਲੈਬਾਰਟਰੀ ਇਸ ਯੋਜਨਾ ‘ਤੇ ਮਿਲ ਕੇ ਕੰਮ ਕਰ ਰਹੇ ਹਨ। ਉਹ ਦਹਾਕੇ ਦੇ ਅੰਤ ਤਕ ਚੰਦਰਮਾ ‘ਤੇ ਮਿਸ਼ਨਾਂ ਲਈ ਇਕ ਸੁਤੰਤਰ ਊਰਜਾ ਸਰੋਤ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਯੋਗਸ਼ਾਲਾ ਵਿਚ ਫਿਸ਼ਨ ਸਰਫੇਸ ਪਾਵਰ ਪ੍ਰੋਜੈਕਟ ਦੇ ਮੁਖੀ, ਸੇਬੇਸਟੀਅਨ ਕੋਰਬੀਸੀਏਰੋ ਨੇ ਕਿਹਾ, “ਚੰਨ ‘ਤੇ ਇਕ ਭਰੋਸੇਯੋਗ, ਉੱਚ-ਪਾਵਰ ਪ੍ਰਣਾਲੀ ਪ੍ਰਦਾਨ ਕਰਨਾ ਮਨੁੱਖੀ ਪੁਲਾੜ ਖੋਜ ਵਿਚ ਇਕ ਮਹੱਤਵਪੂਰਨ ਅਗਲਾ ਕਦਮ ਹੈ ਤੇ ਇਸ ਨੂੰ ਪ੍ਰਾਪਤ ਕਰਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ।
ਚੰਦਰਮਾ ‘ਤੇ ਸਫਲਤਾ ਮੰਗਲ ਲਈ ਅਗਲਾ ਕਦਮ : ਨਾਸਾ
ਨਾਸਾ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਚੰਦਰਮਾ ‘ਤੇ ਊਰਜਾ ਦਾ ਸਰੋਤ ਸਥਾਪਿਤ ਹੋ ਜਾਂਦਾ ਹੈ ਤਾਂ ਉੱਥੇ ਮਨੁੱਖਾਂ ਨੂੰ ਭੇਜਣਾ ਆਸਾਨ ਹੋ ਜਾਵੇਗਾ। ਜੇਕਰ ਚੰਦਰਮਾ ‘ਤੇ ਲਗਾਤਾਰ ਮਨੁੱਖੀ ਮੌਜੂਦਗੀ ਸਫਲ ਹੁੰਦੀ ਹੈ ਤਾਂ ਅਗਲਾ ਉਦੇਸ਼ ਮੰਗਲ ਹੋਵੇਗਾ। ਨਾਸਾ ਦਾ ਕਹਿਣਾ ਹੈ ਕਿ ਚੰਦਰਮਾ ਜਾਂ ਮੰਗਲ ‘ਤੇ ਵਾਤਾਵਰਣ ਦੀਆਂ ਸਥਿਤੀਆਂ ਦੀ ਪਰਵਾਹ ਕੀਤੇ ਬਿਨਾਂ ਪ੍ਰਮਾਣੂ ਵਿਖੰਡਨ ਸ਼ਕਤੀ ਨਿਰੰਤਰ, ਭਰਪੂਰ ਊਰਜਾ ਪ੍ਰਦਾਨ ਕਰ ਸਕਦੀ ਹੈ।
ਇਡਾਹੋ ਨੈਸ਼ਨਲ ਲੈਬਾਰਟਰੀ ਨੇ ਨਾਸਾ ਦੇ ਨਾਲ ਵੱਖ-ਵੱਖ ਪ੍ਰੋਜੈਕਟਾਂ ‘ਤੇ ਕੰਮ ਕੀਤਾ ਹੈ। ਹਾਲ ਹੀ ਵਿਚ ਪ੍ਰਯੋਗਸ਼ਾਲਾ ਨੇ ਨਾਸਾ ਦੇ ਮਾਰਸ ਰੋਵਰ ਪਰਸੀਵਰੈਂਸ ਨੂੰ ਰੇਡੀਓ ਆਈਸੋਟੋਪ ਪਾਵਰ ਸਿਸਟਮ ਨਾਲ ਸ਼ਕਤੀ ਪ੍ਰਦਾਨ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਜੋ ਪਲੂਟੋਨੀਅਮ-238 ਤੋਂ ਪੈਦਾ ਹੋਈ ਗਰਮੀ ਨੂੰ ਬਿਜਲੀ ਦੀ ਸ਼ਕਤੀ ਵਿਚ ਬਦਲਦਾ ਹੈ। ਕਾਰ ਦੇ ਆਕਾਰ ਦਾ ਰੋਵਰ ਫਰਵਰੀ ਵਿਚ ਮੰਗਲ ਗ੍ਰਹਿ ‘ਤੇ ਉਤਰਿਆ ਸੀ।