ਗਰੀਆਬੰਦ-ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਘੱਟੋ-ਘੱਟ 14 ਨਕਸਲੀ ਮਾਰੇ ਗਏ ਹਨ। ਇਸ ਸਬੰਧੀ ਪੁਲੀਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸੇ ਆਪਰੇਸ਼ਨ ਦੌਰਾਨ ਮੁਕਾਬਲੇ ਵਿੱਚ ਦੋ ਮਹਿਲਾ ਨਕਸਲੀ ਮਾਰੇ ਗਏ ਸਨ ਅਤੇ ਇੱਕ ਕੋਬਰਾ ਜਵਾਨ ਜ਼ਖ਼ਮੀ ਹੋ ਗਿਆ ਸੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਛੱਤੀਸਗੜ੍ਹ-ਉੜੀਸਾ ਸਰਹੱਦ ਦੇ ਨਾਲ ਮੈਨਪੁਰ ਥਾਣਾ ਖੇਤਰ ਦੇ ਅਧੀਨ ਇੱਕ ਜੰਗਲ ਵਿੱਚ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਸਵੇਰੇ ਇੱਕ ਤਾਜ਼ਾ ਗੋਲੀਬਾਰੀ ਹੋਈ, ਜਿਸ ਵਿੱਚ 12 ਹੋਰ ਨਕਸਲੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ), ਛੱਤੀਸਗੜ੍ਹ ਤੋਂ ਕੋਬਰਾ ਅਤੇ ਓਡੀਸ਼ਾ ਤੋਂ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦੇ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਇਸ ਕਾਰਵਾਈ ਵਿੱਚ ਸ਼ਾਮਲ ਸੀ।
ਅਧਿਕਾਰੀ ਨੇ ਦੱਸਿਆ ਕਿ ਉੜੀਸਾ ਦੇ ਨੁਪਾਡਾ ਜ਼ਿਲ੍ਹੇ ਦੀ ਸਰਹੱਦ ਤੋਂ ਸਿਰਫ਼ 5 ਕਿਲੋਮੀਟਰ ਦੂਰ ਛੱਤੀਸਗੜ੍ਹ ਦੇ ਕੁਲਰੀਘਾਟ ਰਿਜ਼ਰਵ ਜੰਗਲ ਵਿੱਚ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ਦੇ ਆਧਾਰ ’ਤੇ 19 ਜਨਵਰੀ ਦੀ ਰਾਤ ਨੂੰ ਆਪਰੇਸ਼ਨ ਚਲਾਇਆ ਗਿਆ ਸੀ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰ, ਗੋਲਾ ਬਾਰੂਦ ਅਤੇ ਆਈਈਡੀ ਦਾ ਵੱਡਾ ਭੰਡਾਰ ਬਰਾਮਦ ਕੀਤਾ ਗਿਆ, ਜਿਸ ਵਿੱਚ ਇੱਕ ਸਵੈ-ਲੋਡਿੰਗ ਰਾਈਫਲ ਵੀ ਸ਼ਾਮਲ ਹੈ।