ਟੋਕੀਓ: ਦੱਖਣੀ ਜਾਪਾਨ ਵਿੱਚ ਬਿਜਲੀ ਠੱਪ ਹੋਣ ਕਰਕੇ ਕਰੀਬ 26 ਰੇਲਾਂ ਦੀ ਆਵਾਜਾਈ ‘ਤੇ ਅਸਰ ਪਿਆ। ਇਸ ਨਾਲ ਕਰੀਬ 12 ਹਜ਼ਾਰ ਯਾਤਰੀ ਪ੍ਰੇਸ਼ਾਨ ਹੋਏ। ਰੇਲਵੇ ਨੇ ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ। ਇੱਕ ਹਫ਼ਤੇ ਬਾਅਦ ਰਿਪੋਰਟ ਵਿੱਚ ਮੁਆਫ਼ੀ ਦੀ ਬਜਾਏ ਘੋਗੇ ਨੂੰ ਜ਼ਿੰਮੇਵਾਰ ਠਹਿਰਾਇਆ। ਰੇਲਵੇ ਅਧਿਕਾਰੀ ਦੇ ਦੱਸਿਆ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪਹਿਲੀ ਵਾਰ ਹੋਇਆ ਪਰ ਇਹ ਘਟਨਾ ਅਵੱਲੀ ਹੈ। ਦੱਸ ਦੇਈਏ ਜਾਪਾਨ ਵਿੱਚ ਕਿਸੇ ਵੀ ਸਰਵਿਸ ਵਿੱਚ ਦੇਰੀ ਲਈ ਕੰਪਨੀ ਨੂੰ ਫੌਰਨ ਜਨਤਕ ਤੌਰ ‘ਤੇ ਮਾਫੀ ਮੰਗਣੀ ਪੈਂਦੀ ਹੈ।
ਦਰਅਸਲ 30 ਮਈ ਨੂੰ ਬਿਜਲੀ ਸਪਲਾਈ ਠੱਪ ਹੋਣ ਕਰਕੇ ਕਿਉਸ਼ੂ ਰੇਲਵੇ ਕਾਰਪੋਰੇਸ਼ਨ ਦੀ ਸੇਵਾ ‘ਤੇ ਅਸਰ ਪਿਆ। ਇਸ ਵਜ੍ਹਾ ਕਰਕੇ ਕੰਪਨੀ ਨੂੰ ਮਜਬੂਰਨ 26 ਰੇਲਾਂ ਸਮੇਤ ਹੋਰ ਸੇਵਾਵਾਂ ਵੀ ਠੱਪ ਕਰਨੀਆਂ ਪਈਆਂ। ਕੁਝ ਰੇਲਾਂ ਦੇਰੀ ਨਾਲ ਚੱਲੀਆਂ। ਇਸ ਘਟਨਾ ਕਰਕੇ ਕਈ ਸਟੇਸ਼ਨਾਂ ‘ਤੇ ਅਫ਼ਰਾ-ਤਫ਼ਰੀ ਤੇ ਅਵਿਵਸਥਾ ਵੇਖੀ ਗਈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਇਸ ਸਭ ਲਈ ਘੋਗਾ ਜ਼ਿੰਮੇਵਾਰ ਹੈ।
ਪਹਿਲਾਂ ਅਧਿਕਾਰੀਆਂ ਨੂੰ ਲੱਗਿਆ ਕਿ ਪਾਵਰ ਸਿਸਟਮ ਅੰਦਰ ਕੋਈ ਜਿਊਂਦਾ ਕੀੜਾ ਹੈ ਪਰ ਇਹ ਇੱਕ ਮਰਿਆ ਹੋਇਆ ਕੀੜਾ ਸੀ। ਸਥਾਨਕ ਮੀਡੀਆ ਮੁਤਾਬਕ ਘੋਗੇ ਦੇ ਪਾਵਰ ਸਿਸਟਮ ਅੰਦਰ ਜਾਣ ਕਰਕੇ ਬਿਜਲੀ ਉਪਕਰਨ ਵਿੱਚ ਸ਼ਾਰਟ ਸਰਕਟ ਹੋ ਗਿਆ ਸੀ। ਇਸ ਕਰਕੇ ਰੇਲਾਂ ਦੀ ਪਾਵਰ ਸਪਲਾਈ ‘ਤੇ ਅਸਰ ਪਿਆ। ਇਸ ਲਈ ਰਿਪੋਰਟ ਵਿੱਚ ਇਸ ਮਰੇ ਹੋਏ ਕੀੜੇ ਨੂੰ ਅਸੁਵਿਧਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ।