ਚੰਡੀਗੜ੍ਹ: ਮਲਕੀਤ ਸਿੰਘ ਨੇ ਆਪਣੀ ਗੀਤ ‘ਗੁੜ ਨਾਲੋਂ ਇਸ਼ਕ ਮਿੱਠਾ’ ਦੁਬਾਰਾ ਗਾਇਆ ਹੈ ਤੇ ਇਸ ਵਾਰ ਉਨ੍ਹਾਂ ਨਾਲ ਰੈਪਰ ਹਨੀ ਸਿੰਘ ਵੀ ਨਜ਼ਰ ਆਏ ਹਨ। ਇਹ ਗੀਤ ਬੇਹੱਦ ਹਿੱਟ ਹੋਇਆ ਹੈ। ਸੱਤ ਦਿਨਾਂ ਵਿੱਚ ਗੀਤ ‘ਤੇ 31 ਮਿਲੀਅਨ ਹਿੱਟ ਹੋ ਗਏ ਹਨ। ਮਲਕੀਤ ਦੇ ਇਸ ਗਾਣੇ ਨੂੰ ਤਕਰੀਬਨ ਤੀਜੀ-ਚੌਥੀ ਵਾਰ ਰੀਕਰੀਏਟ ਕੀਤਾ ਗਿਆ ਹੈ।
ਇਸ ਬਾਰੇ ਮਲਕੀਤ ਨੇ ਕਿਹਾ ਕਿ ਹਾਂ, ਇਸ ਗਾਣੇ ਵਿੱਚ ਕੁਝ ਅਜਿਹਾ ਹੈ ਜੋ 1986 ਤੋਂ ਚੱਲਦਾ ਹੀ ਆ ਰਿਹਾ ਹੈ। ਇਸ ਵਿੱਚ ਕੁਝ ਜਾਦੂ ਹੈ। ਪਹਿਲਾਂ ਬਾਲੀ ਸਾਗੂ ਤੇ ਹੁਣ ਹਨੀ ਸਿੰਘ ਨੇ ਇਸ ਨੂੰ ਫਿਰ ਤੋਂ ਬਣਾਇਆ। ਮਲਕੀਤ ਸਿੰਘ ਨੇ ਕਿਹਾ, ‘ਜਦੋਂ ਹਨੀ ਮੇਰੇ ਕੋਲ ਇਹ ਗਾਣਾ ਲੈ ਕੇ ਆਇਆ ਤਾਂ ਮੈਂ ਹੈਰਾਨ ਸੀ ਕਿ ਉਹ ਇਸ ਗਾਣੇ ਨੂੰ ਫਿਰ ਕਿਉਂ ਬਣਾਉਣਾ ਚਾਹੁੰਦਾ ਹੈ।’
ਮਲਕੀਤ ਨੇ ਕਿਹਾ, ‘ਪਹਿਲਾਂ ਮੈਂ ਬਹੁਤ ਵਾਰ ਸੋਚਿਆ, ਫਿਰ ਮੈਂ ਹਾਮੀ ਭਰ ਦਿੱਤੀ। ਪਰ ਮੇਰੀ ਇੱਕ ਸ਼ਰਤ ਸੀ ਕਿ ਜੇ ਉਹ ਇਸ ਗੀਤ ਵਿੱਚ ਰੈਪ ਕਰੇਗਾ ਤਾਂ ਇਸ ਵਿੱਚ ਕੋਈ ਵੀ ਮਾੜਾ ਜਾਂ ਵਲਗਰ ਸ਼ਬਦ ਨਹੀਂ ਹੋਵੇਗਾ। ਇਸ ਦੇ ਨਾਲ ਹੀ ਗੀਤ ਦੀ ਵੀਡੀਓ ਵੀ ਸਾਫ਼-ਸੁਥਰੀ ਹੋਵੇਗੀ। ਇਹ ਗੀਤ ਇਸ ਸ਼ਰਤ ਤੋਂ ਬਾਅਦ ਹੀ ਬਣਾਇਆ ਗਿਆ। ਮੈਨੂੰ ਖੁਸ਼ੀ ਹੈ ਕਿ ਇਸ ਗੀਤ ਨੂੰ ਇੰਨੇ ਸਾਲਾਂ ਬਾਅਦ ਵੀ ਇੰਨਾ ਪਿਆਰ ਮਿਲਿਆ।’
ਮਲਕੀਤ ਨੇ ਕਿਹਾ ਕਿ ਇਸ ਗੀਤ ਦੇ ਹਿੱਟ ਹੋਣ ਨਾਲ ਉਨ੍ਹਾਂ ਨੂੰ ਫਾਇਦਾ ਵੀ ਹੋਇਆ ਹੈ। ਉਹ ਚਾਹੁੰਦੇ ਹਨ ਕਿ ਉਹ ਨਵੀਂ ਪੀੜ੍ਹੀ ਨਾਲ ਜੁੜਨ। ਜਿਨ੍ਹਾਂ ਇਹ ਗੀਤ ਪਹਿਲਾਂ ਸੁਣਿਆ ਹੈ, ਉਨ੍ਹਾਂ ਦੇ ਬੱਚਿਆਂ ਦੇ ਵੀ ਬੱਚੇ ਹੋ ਗਏ ਹਨ। ਉਨ੍ਹਾਂ ਖ਼ੁਸ਼ੀ ਜਤਾਈ ਕਿ ਤੀਜੀ ਪੀੜ੍ਹੀ ਵੀ ਇਸ ਗੀਤ ਨੂੰ ਸੁਣ ਰਹੀ ਹੈ।