ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ। ਇਸ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਦੋਵਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਮੀਟਿੰਗ ਡੇਰਾ ਬਾਬਾ ਨਾਨਕ ਨੇੜੇ ਕੌਮਾਂਤਰੀ ਸਰਹੱਦ ’ਤੇ ਜ਼ੀਰੋ ਲਾਈਨ ‘ਤੇ ਅੱਜ ਮੀਟਿੰਗ ਹੋ ਰਹੀ ਹੈ।
ਇਸ ਮੀਟਿੰਗ ਵਿੱਚ ਸਵਾਗਤੀ ਗੇਟ, ਪੁਲ ਦੇ ਨਿਰਮਾਣ ਤੇ ਹੋਰ ਕਾਰਜਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ। ਇਹ ਪੁਲ ਰਾਵੀ ਦਰਿਆ ’ਤੇ ਬਣਾਇਆ ਜਾ ਰਿਹਾ ਹੈ ਤੇ ਇਸ ਦੇ ਡਿਜ਼ਾਈਨ ’ਤੇ ਵੀ ਗੱਲਬਾਤ ਹੋ ਰਹੀ ਹੈ। ਲਾਂਘੇ ਦੇ ਕੰਮ ਵਿੱਚ ਤੇਜ਼ੀ ਦੇਖੀ ਗਈ ਹੈ। ਕੌਰੀਡੋਰ ਨੂੰ ਨੇਪਰੇ ਚਾੜ੍ਹਨ ਲਈ ਨਿਰਮਾਣ ਏਜੰਸੀ ਨੇ ਕੁਝ ਦਿਨ ਪਹਿਲਾਂ ਕੰਡਿਆਲੀ ਤਾਰ ਕੋਲ (ਦਰਸ਼ਨੀ ਸਥਾਨ ਦੇ ਐਨ ਨੇੜੇ) ਬਣਿਆ ਬੰਕਰ ਢਾਹ ਦਿੱਤਾ ਹੈ। ਇਹ ਬੰਕਰ ਭਾਰਤ-ਪਾਕਿ ਵਿਚਾਲੇ ਬਣਾਏ ਜਾ ਰਹੇ ਪੁਲ ਦੇ ਕੰਮ ’ਚ ਅੜਿੱਕਾ ਪੈਦਾ ਕਰ ਰਿਹਾ ਸੀ। ਇਸ ਨੂੰ ਢਾਹੁਣ ਲਈ ਨਿਰਮਾਣ ਏਜੰਸੀ ਨੇ ਪਹਿਲਾਂ ਸੈਨਾ ਦੇ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲਈ ਹੈ।
ਇਸੇ ਤਰ੍ਹਾਂ ਕੰਡਿਆਲੀ ਤਾਰ ਕੋਲ ਬਣੇ ਟਾਵਰ, ਦਰਸ਼ਨੀ ਸਥਾਨ ਤੋਂ ਇਲਾਵਾ ਕੰਟੀਨ ਤੇ ਨੇੜਲੇ ਸੈਂਡ ਨੂੰ ਢਾਹ ਦਿੱਤਾ ਗਿਆ ਹੈ। ਕੁਝ ਥਾਵਾਂ ’ਤੇ ਪੁਲੀਆਂ ਵੀ ਪੈ ਚੁੱਕੀਆਂ ਹਨ। ਪਾਕਿ ਸਰਕਾਰ ਨੇ ਕਰਤਾਰਪੁਰ ਲਾਂਘੇ ਦਾ ਕੰਮ 75 ਫ਼ੀਸਦ ਤੱਕ ਮੁਕੰਮਲ ਕਰ ਲਿਆ ਹੈ। ਕੌਮਾਂਤਰੀ ਸੀਮਾ ’ਤੇ ਬਣੇ ਧੁੱਸੀ ਬੰਨ੍ਹ ’ਤੇ ਖੜ੍ਹ ਕੇ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਹੋ ਰਿਹਾ ਕੰਮ ਦੇਖਿਆ ਜਾ ਸਕਦਾ ਹੈ। ਭਾਰਤ ਵਾਲੇ ਪਾਸੇ ਬਣਨ ਵਾਲੀ ਸੜਕ ਦੇ ਕੰਮ ਦੇ ਪਹਿਲੇ ਪੜਾਅ ਨੂੰ ਵੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।