ਓਟਵਾ, 22 ਜੁਲਾਈ (ਪੋਸਟ ਬਿਊਰੋ) : ਕੈਨੇਡਾ ਰੈਵਨਿਊ ਏਜੰਸੀ ਅਨੁਸਾਰ ਦੋ ਮਿਲੀਅਨ ਕੈਨੇਡੀਅਨਾਂ ਦੇ ਬੈਨੇਫਿਟਸ ਵਿੱਚ ਵਿਘਨ ਪੈ ਸਕਦਾ ਹੈ ਜੇ ਉਨ੍ਹਾਂ ਵੱਲੋਂ ਜਲਦ ਹੀ 2019 ਦੀ ਆਪਣੀ ਟੈਕਸ ਰਿਟਰਨ ਨਹੀਂ ਭਰੀ ਜਾਂਦੀ|
ਕੋਵਿਡ-19 ਮਹਾਂਮਾਰੀ ਦੌਰਾਨ ਜਦੋਂ ਬੇਰੋਜ਼ਗਾਰੀ ਦਰ ਵਿੱਚ ਵਾਧਾ ਹੋ ਗਿਆ ਤਾਂ ਬਹੁਤੇ ਕੈਨੇਡੀਅਨਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ| ਇਸ ਦੌਰਾਨ ਫਿਜ਼ੀਕਲ ਡਿਸਟੈਂਸਿੰਗ ਨਿਯਮ ਲਾਗੂ ਹੋਣ ਕਾਰਨ ਕਈ ਇੰਪਲੌਇਰਜ਼ ਨੇ ਕੰਮਕਾਜ ਬੰਦ ਕਰ ਦਿੱਤਾ ਤੇ ਕਈਆਂ ਨੇ ਤਾਂ ਆਪਣੇ ਕਾਰੋਬਾਰ ਮੁੜ ਸ਼ੁਰੂ ਨਾ ਕਰਨ ਦਾ ਫੈਸਲਾ ਵੀ ਕੀਤਾ|
ਪਰ ਕੈਨੇਡੀਅਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜਿਨ੍ਹਾਂ ਫੰਡਾਂ ਉੱਤੇ ਉਹ ਇਸ ਸਮੇਂ ਨਿਰਭਰ ਕਰ ਰਹੇ ਹਨ ਉਹ ਉਨ੍ਹਾਂ ਨੂੰ ਹਾਸਲ ਹੁੰਦੇ ਰਹਿਣ| ਦੂਜੇ ਪਾਸੇ ਕੈਨੇਡਾ ਰੈਵਨਿਊ ਏਜੰਸੀ (ਸੀਆਰਏ) ਦੇ ਬੁਲਾਰੇ ਡੈਨੀ ਮੌਰਿਨ ਨੇ ਆਖਿਆ ਕਿ ਏਜੰਸੀ ਜਾਣਦੀ ਹੈ ਕਿ ਮੌਜੂਦਾ ਹਾਲਾਤ ਵਿੱਚ ਬਿਨਾਂ ਕਿਸੇ ਅੜਿੱਕੇ ਦੇ ਬੈਨੇਫਿਟਸ ਕੈਨੇਡੀਅਨਾਂ ਨੂੰ ਮਿਲਦੇ ਰਹਿਣੇ ਚਾਹੀਦੇ ਹਨ|
ਉਨ੍ਹਾਂ ਆਖਿਆ ਕਿ ਅਸੀਂ ਕੈਨੇਡੀਅਨਾਂ ਨੂੰ ਇਹ ਚੇਤੇ ਕਰਵਾਉਣਾ ਚਾਹੁੰਦੇ ਹਾਂ ਕਿ ਉਹ ਜਲਦ ਤੋਂ ਜਲਦ ਆਪਣੀ ਰਿਟਰਨ ਫਾਈਲ ਕਰਨ ਤਾ ਕਿ ਅਕਤੂਬਰ ਵਿੱਚ ਵੀ ਉਨ੍ਹਾਂ ਨੂੰ ਬੈਨੇਫਿਟਸ ਮਿਲਣੇ ਜਾਰੀ ਰਹਿਣ| ਇਹ ਟੈਕਸ ਰਿਟਰਨ ਨਾ ਭਰੇ ਜਾਣ ਨਾਲ ਹੋਰਨਾਂ ਪ੍ਰੋਵਿੰਸ਼ੀਅਲ ਤੇ ਮਿਉਂਸਪਲ ਬੈਨੇਫਿਟਸ ਉੱਤੇ ਵੀ ਅਸਰ ਪੈ ਸਕਦਾ ਹੈ|
ਮੌਰਿਨ ਨੇ ਆਖਿਆ ਕਿ ਸੀਆਰਏ ਦੇ ਅੰਦਾਜੇæ ਮੁਤਾਬਕ ਦੋ ਮਿਲੀਅਨ ਲੋਕਾਂ ਨੇ ਪਹਿਲੀ ਜੁਲਾਈ, 2020 ਤੋਂ ਟੈਕਸ ਰਿਟਰਨ ਨਹੀਂ ਭਰੀ ਹੈ| ਸਰਕਾਰ ਨੇ ਵੀ ਇਸ ਸਾਲ ਟੈਕਸ ਫਾਈਲ ਕਰਨ ਦੀ ਤਾਰੀਕ 30 ਅਪਰੈਲ ਤੋਂ ਵਧਾ ਕੇ ਪਹਿਲੀ ਜੂਨ ਕਰ ਦਿੱਤੀ ਹੈ| ਕੈਨੇਡੀਅਨਾਂ ਨੂੰ ਇਹ ਰਿਆਇਤ ਵੀ ਦਿੱਤੀ ਗਈ ਹੈ ਕਿ ਉਹ ਪਹਿਲੀ ਸਤੰਬਰ ਤੱਕ ਵਿਆਜ਼ ਜਾਂ ਜੁਰਮਾਨੇ ਤੋਂ ਬਿਨਾਂ ਆਪਣੇ ਟੈਕਸ ਫਾਈਲ ਕਰ ਸਕਦੇ ਹਨ|