ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ 23 ਜੁਲਾਈ ਤੋਂ ਟੋਕੀਓ ਵਿਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਗਮ ਵਿਚ ਭਾਰਤੀ ਦਲ ਦੇ ਝੰਡਾਬਰਦਾਰ ਬਣਨਗੇ। ਉਹ ਇਹ ਮਾਣ ਛੇ ਵਾਰ ਦੀ ਵਿਸ਼ਵ ਚੈਂਪੀਅਨ ਤੇ ਲੰਡਨ ਓਲੰਪਿਕ ਦੀ ਤਾਂਬੇ ਦਾ ਮੈਡਲ ਜੇਤੂ ਮੁੱਕੇਬਾਜ਼ ਐੱਮਸੀ ਮੈਰੀਕੌਮ ਨਾਲ ਸਾਂਝੇ ਤੌਰ ’ਤੇ ਹਾਸਲ ਕਰਨਗੇ। ਜਲੰਧਰ ਦੇ ਹਿੱਸੇ ਪੰਜਵੀਂ ਵਾਰ ਇਹ ਮਾਣ ਆ ਰਿਹਾ ਹੈ ਤੇ ਮਿੱਠਾਪੁਰ ਦੇ ਹਿੱਸੇ ਦੂਜੀ ਵਾਰ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਤੋਂ ਪਹਿਲਾਂ ਮਿੱਠਾਪੁਰ ਦੇ ਹੀ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਪਰਗਟ ਸਿੰਘ 1996 ਭਾਰਤੀ ਦਲ ਦੇ ਝੰਡਾਬਰਦਾਰ ਬਣ ਚੁੱਕੇ ਹਨ। ਇਸੇ ਤਰ੍ਹਾਂ ਜਲੰਧਰ ਵਸ ਚੁੱਕੇ ਪਹਿਲਵਾਨ ਕਰਤਾਰ ਸਿੰਘ ਵੀ 1988 ਵਿਚ ਇਹ ਮਾਣ ਹਾਸਲ ਕਰ ਚੁੱਕੇ ਹਨ। ਜਲੰਧਰ ਦੇ ਸੰਸਾਰਪੁਰ ਦੇ ਰਹਿਣ ਵਾਲੇ ਭਾਰਤੀ ਹਾਕੀ ਦੇ ਕਪਤਾਨ ਬਲਬੀਰ ਸਿੰਘ ਸੀਨੀਅਰ 1952 ਤੇ 1956 ਵਿਚ ਭਾਰਤੀ ਦਲ ਦੇ ਝੰਡਾਬਰਦਾਰ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ 2016 ਅਭਿਨਵ ਬਿੰਦਰਾ ਅਤੇ 1964 ਗੁਰਬਚਨ ਸਿੰਘ ਰੰਧਾਵਾ ਨੂੰ ਵੀ ਇਹ ਮਾਣ ਹਾਸਲ ਹੋ ਚੁੱਕਾ ਹੈ।
ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਵੱਲੋਂ ਮੈਡਲ ਦੇ ਸਭ ਤੋਂ ਵੱਡੇ ਦਾਅਵੇਦਾਰਾਂ ਵਿਚੋਂ ਪਹਿਲਵਾਨ ਬਜਰੰਗ ਪੂਨੀਆ ਅੱਠ ਅਗਸਤ ਨੂੰ ਸਮਾਪਤੀ ਸਮਾਗਮ ਵਿਚ ਭਾਰਤੀ ਦਲ ਦੇ ਝੰਡਾਬਰਦਾਰ ਦੀ ਭੂਮਿਕਾ ਨਿਭਾਉਣਗੇ। ਭਾਰਤੀ ਓਲੰਪਿਕ ਸੰਘ (ਆਈਓਏ) ਨੇ ਇਨ੍ਹਾਂ ਖੇਡਾਂ ਦੀ ਕਮੇਟੀ ਨੂੰ ਆਪਣੇ ਫ਼ੈਸਲੇ ਬਾਰੇ ਜਾਣੂ ਕਰਵਾ ਦਿੱਤਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਓਲੰਪਿਕ ਵਿਚ ਭਾਰਤ ਦੇ ਦੋ ਝੰਡਾਬਰਦਾਰ (ਇਕ ਪੁਰਸ਼ ਤੇ ਇਕ ਮਹਿਲਾ) ਹੋਣਗੇ। ਆਈਓਏ ਪ੍ਰਮੁੱਖ ਨਰਿੰਦਰ ਬਤਰਾ ਨੇ ਹਾਲ ਹੀ ਵਿਚ ਆਗਾਮੀ ਟੋਕੀਓ ਖੇਡਾਂ ਵਿਚ ਲਿੰਗਕ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਮੈਰੀਕੌਮ ਨੇ ਕਿਹਾ, ਇਹ ਮੇਰੇ ਲਈ ਬਹੁਤ ਵੱਡਾ ਪਲ ਹੋਵੇਗਾ ਕਿਉਂਕਿ ਇਹ ਮੇਰੀਆਂ ਆਖ਼ਰੀ ਓਲੰਪਿਕ ਖੇਡਾਂ ਹਨ। ਮੇਰੇ ਲਈ ਇਹ ਭਾਵਨਾਤਮਕ ਪਲ ਹੋ ਸਕਦਾ ਹੈ।