ਜਸਟਿਸ ਜ਼ੋਰਾ ਸਿੰਘ ਬਰਗਾੜੀ ਵਿੱਚ ਵਾਪਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਬਾਰੇ ਅੱਜ ਕਈ ਪਰਤਾਂ ਖੋਲ੍ਹਣਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਖ਼ੁਲਾਸੇ ਪਿੱਛੋਂ ਕੈਪਟਨ ਸਰਕਾਰ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਮੂੰਹ ਦਿਖਾਉਣ ਲਾਇਕ ਨਹੀਂ ਰਹੇਗੀ।
ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਬੇਅਦਬੀ ਕਾਂਡ ਬਾਰੇ ਅਹਿਮ ਅੰਕੜੇ ਮਿਲੇ ਹਨ। ਇਸ ਬਾਰੇ ਪਾਰਟੀ ਨੇ ਅਧਿਐਨ ਕੀਤਾ ਹੈ। ਇਹ ਅੰਕੜੇ ਅੱਜ ਮੀਡੀਆ ਸਾਹਮਣੇ ਰੱਖੇ ਜਾਣਗੇ। ਇਸ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਸ ਖ਼ੁਲਾਸੇ ਪਿੱਛੋਂ ਪਾਰਟੀ ਦੇ ਲੀਗਲ ਸੈੱਲ ਦੀ ਰਾਏ ਲਈ ਜਾਵੇਗੀ, ਜਿਸ ਤੋਂ ਬਾਅਦ ਅਗਲੀ ਲੋੜੀਂਦੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ।
ਯਾਦ ਰਹੇ ਜਸਟਿਸ ਜ਼ੋਰਾ ਸਿੰਘ ਨੇ ਪਿਛਲੀ ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਦੀ ਜਾਂਚ ਕੀਤੀ ਸੀ। ਉਸ ਵੇਲੇ ਚਰਚਾ ਸੀ ਕਿ ਬਾਦਲ ਸਰਕਾਰ ਨੇ ਉਨ੍ਹਾਂ ਦੀ ਰਿਪੋਰਟ ਨੂੰ ਦਬਾ ਦਿੱਤਾ ਸੀ। ਹੁਣ ਜਸਟਿਸ ਜ਼ੋਰਾ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।