ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਸ਼ੁੱਕਰਵਾਰ ਨੂੰ ਏਅਰ ਫੋਰਸ ਵਨ ਦੇ ਇਕ ਜਹਾਜ਼ ‘ਤੇ ਸਵਾਰ ਹੋਣ ਲਈ ਪੌੜੀਆਂ ਚੜ੍ਹਦੇ ਸਮੇਂ ਤਿੰਨ ਵਾਰ ਫਿਸਲ ਗਏ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਦਿਖਾਇਆ ਗਿਆ ਹੈ ਕਿ ਬਾਇਡੇਨ ਦਾ ਪੈਰ ਏਅਰਫੋਰਸ ਵਨ ‘ਚ ਚੜ੍ਹਨ ਵੇਲੇ ਪੌੜੀਆਂ ‘ਤੇ ਖਿਸਕ ਗਿਆ।
ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਹੁਣ 100 ਪ੍ਰਤੀਸ਼ਤ ਠੀਕ ਹਨ। ਦਰਅਸਲ, ਬਾਇਡੇਨ ਅਟਲਾਂਟਾ ਲਈ ਉਡਾਣ ਭਰਨ ਜਾ ਰਹੇ ਸੀ, ਜਿਥੇ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਪਾਰਲਰ ਵਿੱਚ ਫਾਇਰਿੰਗ ਹੋਈ ਸੀ, ਅਤੇ ਉਥੇ ਉਨ੍ਹਾਂ ਦਾ ਏਸ਼ੀਅਨ-ਅਮਰੀਕੀ ਕਮਿਊਨਿਟੀ ਦੇ ਨੇਤਾਵਾਂ ਨਾਲ ਮਿਲਣ ਦਾ ਪ੍ਰੋਗਰਾਮ ਸੀ।
ਵੀਡੀਓ ‘ਚ ਇਹ ਵੇਖਿਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਜੋ ਬਾਇਡੇਨ ਪੌੜੀਆਂ ਦੀ ਸਾਈਡ ਰੇਲਿੰਗ ਫੜ ਰਹੇ ਹਨ ਕਿਉਂਕਿ ਇਥੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਸੀ। ਇਸ ਤੋਂ ਬਾਅਦ, ਉਨ੍ਹਾਂ ਹੌਲੀ ਹੌਲੀ ਸਾਰੀਆਂ ਪੌੜੀਆਂ ਚੜ੍ਹੀਆਂ ਅਤੇ ਵਾਪਸ ਮੁੜ ਕੇ ਸਲਾਮ ਕੀਤਾ। 78 ਸਾਲਾ ਬਿਡੇਨ ਹਾਲ ਹੀ ਵਿੱਚ ਅਮਰੀਕਾ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਬਣੇ ਹਨ।