ਬੰਗਲੁਰੂ- ਕਰਨਾਟਕ ਹਾਈ ਕੋਰਟ ਨੇ ਮੁਡਾ ਸਾਈਟ ਅਲਾਟਮੈਂਟ ਮਾਮਲੇ ਸਬੰਧੀ ਅੱਜ ਮੁੱਖ ਮੰਤਰੀ ਸਿੱਧਾਰਮੱਈਆ ਦੀ ਪਤਨੀ ਪਾਰਵਤੀ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸੰਮਨ ਰੱਦ ਕਰ ਦਿੱਤੇ। ਅਦਾਲਤ ਨੇ ਸ਼ਹਿਰੀ ਵਿਕਾਸ ਮੰਤਰੀ ਬੀ ਐਸ ਸੁਰੇਸ਼ ਨੂੰ ਜਾਰੀ ਕੀਤੇ ਗਏ ਸੰਮਨ ਵੀ ਰੱਦ ਕਰ ਦਿੱਤੇ ਜਿਨ੍ਹਾਂ ਦਾ ਨਾਮ ਮੁਲਜ਼ਮ ਵਜੋਂ ਨਹੀਂ ਸੀ ਪਰ ਉਨ੍ਹਾਂ ਨੂੰ ਈਡੀ ਨੇ ਪੁੱਛਗਿੱਛ ਲਈ ਸੱਦਿਆ ਸੀ।
ਜਸਟਿਸ ਐਮ ਨਾਗਪ੍ਰਸੰਨਾ ਨੇ ਪਾਰਵਤੀ ਅਤੇ ਸੁਰੇਸ਼ ਵਲੋਂ ਈਡੀ ਦੀ ਕਾਰਵਾਈ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਅੱਜ ਫੈਸਲਾ ਸੁਣਾਇਆ। ਪਾਰਵਤੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਲੋਕਾਯੁਕਤ ਪੁਲੀਸ ਅਤੇ ਇੱਕ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਪਹਿਲਾਂ ਹੀ ਮਾਮਲੇ ਦੀ ਜਾਂਚ ਕੀਤੇ ਜਾਣ ਦੇ ਬਾਵਜੂਦ ਈਡੀ ਸਮਾਨਅੰਤਰ ਜਾਂਚ ਕਰ ਰਹੀ ਹੈ। ਇਸ ਦੌਰਾਨ ਈਡੀ ਦੀ ਨੁਮਾਇੰਦਗੀ ਕਰ ਰਹੇ ਵਧੀਕ ਸਾਲਿਸਟਰ ਜਨਰਲ ਅਰਵਿੰਦ ਕਾਮਥ ਨੇ ਦਲੀਲ ਦਿੱਤੀ ਕਿ ਪਾਰਵਤੀ ਇਸ ਮਾਮਲੇ ਵਿੱਚ ਦੂਜੀ ਮੁਲਜ਼ਮ ਸੀ ਅਤੇ ਉਸ ਤੋਂ ਉਗਰਾਹੀ ਗਈ ਰਕਮ ਮਿਲੀ ਸੀ।