ਨਵੀਂ ਦਿੱਲੀ : ਸਿਹਤਮੰਦ ਰਹਿਣ ਲਈ ਇਹ ਜ਼ਰੂਰੀ ਹੈ ਕਿ ਵਿਅਕਤੀ ਦੇ ਸਰੀਰ ਵਿਚ ਕਿਸੇ ਵੀ ਪੋਸ਼ਕ ਤੱਤ ਦੀ ਕਮੀ ਨਾ ਹੋਵੇ। ਹਾਲਾਂਕਿ ਕੁਝ ਪੋਸ਼ਣ ਸਬੰਧੀ ਕਮੀਆਂ ਆਮ ਤੌਰ ‘ਤੇ ਭਾਰਤੀਆਂ ਵਿੱਚ ਪਾਈਆਂ ਜਾਂਦੀਆਂ ਹਨ। ਡਾਈਟ ‘ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਨਾ ਕਰਨਾ, ਸਹੀ ਮਾਤਰਾ ‘ਚ ਨਾ ਖਾਣਾ ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਆਓ ਅਸੀਂ ਉਨ੍ਹਾਂ 5 ਪੌਸ਼ਟਿਕ ਤੱਤਾਂ ‘ਤੇ ਇੱਕ ਨਜ਼ਰ ਮਾਰੀਏ ਜਿਨ੍ਹਾਂ ਦੀ ਘਾਟ ਭਾਰਤੀਆਂ ਵਿੱਚ ਸਭ ਤੋਂ ਆਮ ਹੈ ਤੇ ਇਸ ਨੂੰ ਦੂਰ ਕਰਨ ਲਈ ਕੀ ਕਰਨਾ ਚਾਹੀਦਾ ਹੈ।
ਆਇਰਨ –ਆਇਰਨ ਦੀ ਕਮੀ ਭਾਰਤ ਵਿੱਚ ਪੋਸ਼ਣ ਸਬੰਧੀ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਹੈ। ਆਇਰਨ ਦੀ ਕਮੀ ਖ਼ਾਸ ਕਰ ਕੇ ਔਰਤਾਂ ਤੇ ਬੱਚਿਆਂ ਵਿੱਚ ਆਮ ਹੁੰਦੀ ਹੈ। ਆਇਰਨ ਸਰੀਰ ਨੂੰ ਆਕਸੀਜਨ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੀ ਕਮੀ ਨਾਲ ਅਨੀਮੀਆ ਹੋ ਸਕਦਾ ਹੈ, ਜਿਸ ਦੇ ਲੱਛਣ ਥਕਾਵਟ, ਕਮਜ਼ੋਰੀ ਤੇ ਸਾਹ ਚੜ੍ਹਨਾ ਸ਼ਾਮਲ ਹਨ।
ਆਇਰਨ ਨਾਲ ਭਰਪੂਰ ਭੋਜਨ- ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਫਲ਼ੀਦਾਰ, ਸੁੱਕੇ ਮੇਵੇ, ਬੀਜ ਤੇ ਮੀਟ।
ਵਿਟਾਮਿਨ ਡੀ –ਵਿਟਾਮਿਨ ਡੀ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੈ। ਵਿਟਾਮਿਨ-ਡੀ ਸੂਰਜ ਦੀ ਰੌਸ਼ਨੀ ਨਾਲ ਸਰੀਰ ਵਿੱਚ ਪੈਦਾ ਹੁੰਦਾ ਹੈ ਪਰ ਸੂਰਜ ਦੀ ਰੌਸ਼ਨੀ ਵਿੱਚ ਘੱਟ ਸਮਾਂ ਬਿਤਾਉਣ, ਰੰਗ ਦਾ ਕਾਲਾ ਹੋਣਾ ਵਰਗੇ ਕਈ ਕਾਰਨਾਂ ਕਰ ਕੇ ਭਾਰਤੀਆਂ ਵਿੱਚ ਵਿਟਾਮਿਨ-ਡੀ ਦੀ ਕਮੀ ਆਮ ਹੈ। ਇਸ ਦੀ ਕਮੀ ਨਾਲ ਹੱਡੀਆਂ ਦੇ ਕਮਜ਼ੋਰ ਹੋਣ ਮਾਸਪੇਸ਼ੀਆਂ ਵਿੱਚ ਦਰਦ ਤੇ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।
ਵਿਟਾਮਿਨ ਡੀ ਨਾਲ ਭਰਪੂਰ ਭੋਜਨ ਪਦਾਰਥ- ਮੱਛੀ ਦਾ ਤੇਲ, ਅੰਡੇ ਦੀ ਜ਼ਰਦੀ, ਦੁੱਧ ਅਤੇ ਕੁਝ ਕਿਸਮਾਂ ਦੇ ਮਸ਼ਰੂਮ।
ਵਿਟਾਮਿਨ ਬੀ 12 –ਵਿਟਾਮਿਨ ਬੀ12 ਦੀ ਕਮੀ ਜਿਆਦਾਤਰ ਸ਼ਾਕਾਹਾਰੀ ਲੋਕਾਂ ਵਿੱਚ ਪਾਈ ਜਾਂਦੀ ਹੈ। ਇਹ ਵਿਟਾਮਿਨ ਦਿਮਾਗੀ ਪ੍ਰਣਾਲੀ, ਮਾਸਪੇਸ਼ੀਆਂ ਦੀ ਮਜ਼ਬੂਤੀ, ਲਾਲ ਖੂਨ ਦੇ ਸੈੱਲ ਬਣਾਉਣ ਅਤੇ ਊਰਜਾ ਛੱਡਣ ਲਈ ਜ਼ਰੂਰੀ ਹੈ। ਇਸ ਦੀ ਕਮੀ ਕਾਰਨ ਮੂੰਹ ‘ਚ ਛਾਲੇ, ਥਕਾਵਟ, ਕਮਜ਼ੋਰੀ, ਯਾਦਦਾਸ਼ਤ ਕਮਜ਼ੋਰ, ਹੱਥਾਂ-ਪੈਰਾਂ ‘ਚ ਝਰਨਾਹਟ ਵਰਗੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
ਵਿਟਾਮਿਨ ਬੀ 12 ਨਾਲ ਭਰਪੂਰ ਭੋਜਨ- ਚਿਕਨ, ਆਂਡਾ, ਮੱਛੀ, ਦੁੱਧ ਤੇ ਦੁੱਧ ਉਤਪਾਦ।
ਫੋਲੇਟ –ਫੋਲੇਟ ਸੈੱਲ ਦੇ ਵਿਕਾਸ ਲਈ ਜ਼ਰੂਰੀ ਹੈ ਤੇ ਖਾਸ ਤੌਰ ‘ਤੇ ਗਰਭਵਤੀ ਔਰਤਾਂ ਲਈ ਮਹੱਤਵਪੂਰਨ ਹੈ। ਇਸ ਦੀ ਕਮੀ ਨਵਜੰਮੇ ਬੱਚੇ ਵਿੱਚ ਜਮਾਂਦਰੂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਹ ਵਿਟਾਮਿਨ ਬੀ12 ਅਤੇ ਵਿਟਾਮਿਨ ਡੀ ਦੇ ਨਾਲ ਲਾਲ ਰਕਤਾਣੂਆਂ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ।
ਫੋਲੇਟ ਨਾਲ ਭਰਪੂਰ ਭੋਜਨ ਪਦਾਰਥ- ਹਰੀਆਂ ਪੱਤੇਦਾਰ ਸਬਜ਼ੀਆਂ, ਬੀਨਜ਼ ਤੇ ਸੰਤਰੇ।
ਪ੍ਰੋਟੀਨ –ਮਾਸਪੇਸ਼ੀਆਂ ਦੇ ਨਿਰਮਾਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਪ੍ਰੋਟੀਨ ਵਿੱਚ ਮੌਜੂਦ ਅਮੀਨੋ ਐਸਿਡ ਸਰੀਰ ਦੇ ਕਈ ਕਾਰਜਾਂ ਲਈ ਜ਼ਰੂਰੀ ਹੁੰਦੇ ਹਨ। ਇਸ ਲਈ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬੱਚਿਆਂ ਦੇ ਵਿਕਾਸ ਲਈ ਪ੍ਰੋਟੀਨ ਵੀ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਨਾਲ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਭਾਰ ਘਟਣਾ ਅਤੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।
ਪ੍ਰੋਟੀਨ ਨਾਲ ਭਰਪੂਰ ਭੋਜਨ- ਦੁੱਧ, ਆਂਡਾ, ਦੁੱਧ ਤੋਂ ਬਣੇ ਪਦਾਰਥ, ਮੱਛੀ, ਚਿਕਨ, ਦਾਲਾਂ ਅਤੇ ਸੁੱਕੇ ਮੇਵੇ।