ਜਲੰਧਰ- ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ‘ਜਾਟ’ (Film ‘Jaat’) ਦੇ ਇਕ ਦ੍ਰਿਸ਼ ਖ਼ਿਲਾਫ਼ ਐਫਆਈਆਰ ਦਰਜ ਹੋਣ ਤੋਂ ਬਾਅਦ ਫਿਲਮ ਨਿਰਮਾਤਾ ਪਿੱਛੇ ਹਟ ਗਏ ਹਨ। ਪਹਿਲਾਂ ਫਿਲਮ ਵਿੱਚੋਂ ਵਿਵਾਦਪੂਰਨ ਦ੍ਰਿਸ਼ ਹਟਾ ਦਿੱਤੇ ਗਏ ਅਤੇ ਹੁਣ ਫਿਲਮ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਇਸ ਦ੍ਰਿਸ਼ ਲਈ ਮੁਆਫੀ ਮੰਗੀ ਹੈ।
ਫਿਲਮ ਨਿਰਮਾਤਾਵਾਂ ਨੇ ਲਿਖਿਆ ਹੈ ਕਿ ਫਿਲਮ ਦੇ ਦ੍ਰਿਸ਼ ਨੂੰ ਲੈ ਕੇ ਵਿਰੋਧ ਹੋਇਆ ਸੀ, ਜਿਸਨੂੰ ਤੁਰੰਤ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਹ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗਦੇ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਸ ਦੌਰਾਨ, ਜਲੰਧਰ ਵਿੱਚ ਐਫਆਈਆਰ ਦਰਜ ਕਰਵਾਉਣ ਵਾਲੇ ਈਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਉਹ ਪਹਿਲਾਂ ਫਿਲਮ ਦੇਖਣਗੇ ਅਤੇ ਫਿਰ ਫੈਸਲਾ ਲੈਣਗੇ। ‘ਜਾਟ’ ਫਿਲਮ 10 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
ਇਸ ਤੋਂ ਬਾਅਦ, ਈਸਾਈ ਭਾਈਚਾਰੇ ਨੇ ਵਿਵਾਦਪੂਰਨ ਦ੍ਰਿਸ਼ ਦਾ ਵਿਰੋਧ ਕੀਤਾ ਸੀ। ਈਸਾਈ ਭਾਈਚਾਰੇ ਦੇ ਆਗੂ ਵਿਕਾਸ ਗੋਲਡੀ ਨੇ 15 ਅਪਰੈਲ ਨੂੰ ਜਲੰਧਰ ਕਮਿਸ਼ਨਰੇਟ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਸੀ ਕਿ ‘ਜਾਟ’ ਫਿਲਮ ਕੁਝ ਦਿਨ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਵਿੱਚ, ਰਣਦੀਪ ਹੁੱਡਾ ਨੇ ਯਿਸੂ ਮਸੀਹ ਅਤੇ ਈਸਾਈ ਧਰਮ ਵਿੱਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਅਪਮਾਨ ਕੀਤਾ ਹੈ।
ਗੋਲਡੀ ਨੇ ਕਿਹਾ ਕਿ ਰਣਦੀਪ ਹੁੱਡਾ ਚਰਚ ਦੇ ਅੰਦਰ ਪ੍ਰਭੂ ਯਿਸੂ ਮਸੀਹ ਵਾਂਗ ਖੜ੍ਹਾ ਸੀ ਅਤੇ ਸਾਡੇ ਸ਼ਬਦ ‘ਆਮੀਨ’ ਦਾ ਅਪਮਾਨ ਕਰ ਰਿਹਾ ਸੀ। ਇਸ ਨਾਲ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਈਸਾਈ ਭਾਈਚਾਰੇ ਦੇ ਵਿਰੋਧ ਤੋਂ ਬਾਅਦ, ਜਲੰਧਰ ਪੁਲੀਸ ਨੇ ਵੀਰਵਾਰ ਨੂੰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਸਦਰ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ। ਇਸ ਦਾ ਅਸਰ ਇਹ ਹੋਇਆ ਕਿ ਫਿਲਮ ਨਿਰਮਾਤਾਵਾਂ ਨੇ ਫਿਲਮ ਵਿੱਚੋਂ ਵਿਵਾਦਪੂਰਨ ਦ੍ਰਿਸ਼ਾਂ ਨੂੰ ਤੁਰੰਤ ਹਟਾ ਦਿੱਤਾ। ਪੋਸਟਰਨੁਮਾ ਮੁਆਫ਼ੀਨਾਮਾ ਜਾਰੀ ਕਰਦਿਆਂ ਹੋਏ ਉਨ੍ਹਾਂ ਕਿਹਾ, ‘‘ਸਾਨੂੰ ਗਲਤੀ ਲਈ ਅਫ਼ਸੋਸ ਹੈ।’’
ਐਫਆਈਆਰ ਅਤੇ ਵਿਰੋਧ ਕਾਰਨ ਕਾਨੂੰਨੀ ਉਲਝਣਾਂ ਵਿੱਚ ਫਸਣ ਕਾਰਨ ਫਿਲਮ ਨਿਰਮਾਤਾਵਾਂ ਦੀ ਚਿੰਤਾ ਵਧ ਗਈ ਸੀ। ਇਹ ਵਿਰੋਧ ਦੂਜੇ ਰਾਜਾਂ ਵਿੱਚ ਵੀ ਫੈਲ ਸਕਦਾ ਸੀ, ਜਿਸ ਕਰਕੇ ਉਨ੍ਹਾਂ ਮੁਆਫ਼ੀ ਮੰਗ ਕੇ ਮਸਲੇ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।