richest minister gehlot: ਕੈਲਾਸ਼ ਗਹਿਲੋਤ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਮੰਡਲ ‘ਚ ਸਭ ਤੋਂ ਅਮੀਰ ਮੰਤਰੀ ਹਨ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ। ਏ.ਡੀ.ਆਰ ਨੇ ਇਹ ਰਿਪੋਰਟ ਆਪਣੇ ਪ੍ਰੈਸ ਬਿਆਨ ਵਿੱਚ ਮੁੱਖ ਮੰਤਰੀ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਹਲਫੀਆ ਬਿਆਨਾਂ ਦੇ ਅਧਾਰ ‘ਤੇ ਦਿੱਤੀ ਹੈ।
ਏ.ਡੀ.ਆਰ ਦੀ ਰਿਪੋਰਟ ਵਿੱਚ ਗੋਪਾਲ ਰਾਏ ਦਿੱਲੀ ਸਰਕਾਰ ਦਾ ਸਭ ਤੋਂ ਘੱਟ ਤਨਖਾਹ ਲੈਣ ਵਾਲਾ ਮੰਤਰੀ ਹੈ। ਜਿਨ੍ਹਾਂ ਕੋਲ ਕੁੱਲ 90.01 ਲੱਖ ਰੁਪਏ ਦੀ ਜਾਇਦਾਦ ਹੈ। ਰਿਪੋਰਟ ਦੇ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਭ ਤੋਂ ਅਮੀਰ ਮੰਤਰੀ ਕੈਲਾਸ਼ ਗਹਿਲੋਤ ਦੀ ਕੁਲ ਸੰਪਤੀ 46.07 ਕਰੋੜ ਹੈ। ਪੇਸ਼ੇ ਵਜੋਂ ਵਕੀਲ ਕੈਲਾਸ਼ ਗਹਿਲੋਤ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਵਾਤਾਵਰਣ ਅਤੇ ਲੋਕ ਆਵਾਜਾਈ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਹੈ। ਕੈਲਾਸ਼ ਦਾ ਜਨਮ ਦਿੱਲੀ ‘ਚ ਹੋਇਆ ਸੀ ਅਤੇ ਉਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਸੀ।
ਗਹਿਲੋਤ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨਾਂ ਨੇ 16 ਸਾਲ ਦਿੱਲੀ ਹਾਈ ਕੋਰਟ ਵਿੱਚ ਵਕਾਲਤ ਵੀ ਕੀਤੀ ਹੈ। ਉਹ ਦੂਜੀ ਵਾਰ ਦਿੱਲੀ ਦੀ ਨਜਫਗੜ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਹਨ। ਟਰਾਂਸਪੋਰਟ ਮੰਤਰੀ ਹੋਣ ਦੇ ਨਾਤੇ, ਉਨਾਂ ਦੀ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆ ਦਾ ਵਾਅਦਾ ਵੀ ਪੂਰਾ ਕਰਨਾ ਪਏਗਾ।
ਜ਼ਿਕਰਯੋਗ ਹੈ ਕਿ 8 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਰਾਉਂਦਿਆਂ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਰਾਮਲੀਲਾ ਮੈਦਾਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਸਿਰਫ ਕਾਂਗਰਸ ਪਾਰਟੀ ਦੀ ਸਵਰਗੀ ਸ਼ੀਲਾ ਦੀਕਸ਼ਿਤ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸੀ।