ਮੁੱਲਾ ਅਬਦੁੱਲ ਗਨੀ ਬਰਾਦਰ ਉਨ੍ਹਾਂ ਚਾਰ ਲੋਕਾਂ ਵਿਚੋਂ ਇਕ ਹੈ ਜਿਨ੍ਹਾਂ ਨੇ 1994 ‘ਚ ਅਫ਼ਗਾਨਿਸਤਾਨ ‘ਚ ਤਾਲਿਬਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਅਫ਼ਗਾਨਿਸਤਾਨ ‘ਚ ਸੱਤਾ ਤਬਦੀਲੀ ਤੋਂ ਬਾਅਦ ਤਾਲਿਬਾਨ ਦੀ ਕਮਾਨ ਜਿਨ੍ਹਾਂ ਲੋਕਾਂ ਨੂੰ ਸੌਂਪੀ ਜਾਵੇਗੀ, ਉਨ੍ਹਾਂ ਵਿਚੋਂ ਮੁੱਲਾ ਬਰਾਦਰ ਇਕ ਹੈ। ਤਾਲਿਬਾਨ ਨੇ ਉਸ ਨੂੰ ਅਗਲਾ ਰਾਸ਼ਟਰਪਤੀ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਕੌਣ ਹੈ ਮੁੱਲਾ ਬਰਾਦਰ।
ਤਾਲਿਬਾਨ ਅਮਰੀਕਾ ਦੇ ਵਰਲਡ ਟਰੇਡ ਟਾਵਰ ‘ਤੇ ਹਮਲੇ ਤੋਂ ਬਾਅਦ 2001 ‘ਚ ਅਮਰੀਕਾ ਦੀ ਅਗਵਾਈ ‘ਚ ਤਾਲਿਬਾਨ ਨੂੰ ਗੋਡਿਆਂ ‘ਤੇ ਲਿਆਉਣ ਤੋਂ ਬਾਅਦ ਮੁੱਲਾ ਬਰਾਦਰ ਨੇ ਅੱਤਵਾਦ ਦੀ ਕਮਾਨ ਸੰਭਾਲ ਲਈ। ਉਹ ਹਾਲਾਂਕਿ ਜ਼ਿਆਦਾ ਦਿਨਾਂ ਤਕ ਆਜ਼ਾਦ ਨਹੀਂ ਰਹਿ ਸਕਿਆ। ਉਸ ਨੂੰ ਫਰਵਰੀ 2010 ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਪਾਕਿਸਤਾਨੀ ਸ਼ਹਿਰ ਕਰਾਚੀ ਤੋਂ ਅਮਰੀਕਾ-ਪਾਕਿਸਤਾਨ ਦੇ ਸਾਂਝੇ ਅਭਿਆਨ ਵਿਚ ਫੜਿਆ ਗਿਆ। 2012 ਦੇ ਅਖੀਰ ਤਕ ਮੁੱਲਾ ਬਰਾਬਰ ਬਾਰੇ ਬਹੁਤ ਘੱਟ ਚਰਚਾ ਹੁੰਦੀ ਸੀ। ਹਾਲਾਂਕਿ ਉਸ ਦਾ ਨਾਂ ਤਾਲਿਬਾਨੀ ਕੈਦੀਆਂ ਦੀ ਸੂਚੀ ਵਿਚ ਸਭ ਤੋਂ ਉੱਪਰ ਸੀ, ਜਿਨ੍ਹਾਂ ਨੇ ਸ਼ਾਂਤੀ ਵਾਰਤਾ ਨੂੰ ਉਤਸ਼ਾਹਤ ਕਰਨ ਲਈ ਅਫ਼ਗਾਨ ਰਿਹਾ ਕਰਨਾ ਚਾਹੁੰਦੇ ਸਨ।
ਪਾਕਿਸਤਾਨੀ ਅਧਿਕਾਰੀਆਂ ਨੇ 21 ਸਤੰਬਰ ਨੂੰ ਮੁੱਲਾ ਬਰਾਦਰ ਨੂੰ ਰਿਹਾ ਕਰ ਦਿੱਤਾ, ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਸੀ ਕਿ ਉਸ ਨੂੰ ਪਾਕਿਸਤਾਨ ਵਿਚ ਰੱਖਿਆ ਜਵੇਗਾ ਜਾਂ ਫਿਰ ਕਿਸੇ ਤੀਸਰੇ ਦੇਸ਼ ਵਿਚ ਭੇਜਿਆ ਜਾਵੇਗਾ। ਮੁੱਲਾ ਬਰਾਦਰ ਦੀ ਅਹਿਮੀਅਤ ਨੂੰ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਗ੍ਰਿਫ਼ਤਾਰੀ ਵੇਲੇ ਉਸ ਨੂੰ ਤਾਲਿਬਾਨ ਦੇ ਆਗੂ ਮੁੱਲਾ ਮੁਹੰਮਦ ਉਮਰ ਦੇ ਸਭ ਤੋਂ ਭਰੋਸੇਮੰਦ ਕਮਾਂਡਰਾਂ ਵਿਚੋਂ ਇਕ ਮੰਨਿਆ ਜਾਂਦਾ ਸੀ। ਇਸ ਦੇ ਨਾਲ ਹੀ ਉਸ ਨੂੰ ਦੂਸਰਾ-ਇਨ-ਕਮਾਂਡ ਵੀ ਕਿਹਾ ਜਾਂਦਾ ਸੀ। ਉਹ ਉਨ੍ਹਾਂ ਪ੍ਰਮੁੱਖ ਅੱਤਵਾਦੀਆਂ ਵਿਚੋਂ ਇਕ ਹੈ ਜਿਹੜੇ ਅਮਰੀਕਾ ਤੇ ਅਫ਼ਗਾਨ ਸਰਕਾਰ ਵਿਚਕਾਰ ਗੱਲਬਾਤ ਦਾ ਸਮਰਥਨ ਕਰਦੇ ਹਨ।
ਕਿਵੇਂ ਕੰਮ ਕਰਦਾ ਹੈ ਤਾਲਿਬਾਨ
ਤਾਲਿਬਾਨ ਸੰਗਠਨ ਦਾ ਸਭ ਤੋਂ ਵੱਡਾ ਆਗੂ ਅਮੀਰ ਅਲ-ਮੁਮਿਨੀਨ ਹੈ ਜਿਹੜਾ ਸਿਆਸੀ, ਧਾਰਮਿਕ ਤੇ ਫ਼ੌਜੀ ਮਾਮਲਿਆਂ ਲਈ ਜ਼ਿੰਮੇਵਾਰ ਹੈ। ਫਿਲਹਾਲ ਇਸ ਅਹੁਦੇ ‘ਤੇ ਮੌਲਵੀ ਹਿਬਤੁੱਲ੍ਹਾ ਅਖੁੰਦਜਾਦਾ ਹੈ। ਇਹ ਪਹਿਲਾਂ ਤਾਲਿਬਾਨ ਦਾ ਮੁੱਖ ਜੱਜ ਰਹਿ ਚੁੱਕਾ ਹੈ। ਇਸ ਦੇ ਤਿੰਨ ਸਹਾਇਕ ਹਨ। ਸਿਆਸੀ ਸਹਾਇਕ- ਮੁੱਲਾ ਅਬਦੁਲ ਗਨੀ ਬਰਾਦਰ, ਅਖੁੰਦਜਾਦਾ ਦਾ ਸਿਆਸੀ ਸਹਾਇਕ ਹੈ। ਉਹ ਤਾਲਿਬਾਨ ਦਾ ਉਪ-ਸੰਸਥਾਪਕ ਤੇ ਦੋਹਾ ਦੇ ਸਿਆਸੀ ਦਫ਼ਤਰ ਦਾ ਮੁਖੀ ਵੀ ਹੈ। ਸਹਾਇਕ- ਫਿਲਹਾਲ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਬੇਟਾ ਮੁੱਲਾ ਮੁਹੰਮਦ ਯਾਕੂਵ ਇਸ ਅਹੁਦੇ ‘ਤੇ ਹੈ।
ਓਧਰ ਅਮਰੀਕਾ ਨਾਲ ਗੱਲਬਾਤ ਤੇ ਅਫ਼ਗਾਨਿਸਤਾਨ “ਚ ਕਰ ਲਿਆ ਕਬਜ਼ਾ
ਸਮਝੌਤੇ ਸਬੰਧੀ ਅਮਰੀਕਾ ਤੇ ਤਾਲਿਬਾਨ ਵਿਚਕਾਰ 2018 ਤੋਂ ਗੱਲਬਾਤ ਹੋ ਰਹੀ ਸੀ। ਫਰਵਰੀ, 2020 ‘ਚ ਇਸ ਦੇ ਨਤੀਜੇ ਦੇ ਤੌਰ ‘ਤੇ ਦੋਵਾਂ ਧਿਰਾਂ ਨੇ ਇਕ ਸ਼ਾਂਤੀ ਸਮਝੌਤਾ ਕੀਤਾ। ਇਸ ਵਿਚ ਤੈਅ ਹੋਇਆ ਕਿ ਅਮਰੀਕਾ ਅਫ਼ਗਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਬੁਲਾਏਗਾ ਤੇ ਤਾਲਿਬਾਨ ਅਮਰੀਕੀ ਫ਼ੌਜਾਂ ‘ਤੇ ਹਮਲਾ ਰੋਕ ਦੇਵੇਗਾ। ਸਮਝੌਤੇ ਦੇ ਹੋਰ ਵਾਅਦਿਆਂ ਮੁਤਾਬਕ ਤਾਲਿਬਾਨ, ਅਲ-ਕਾਇਦਾ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਆਪਣੇ ਕੰਟਰੋਲ ਵਾਲੇ ਇਲਾਕਿਆਂ ‘ਚ ਪਨਪਨ ਨਹੀਂ ਦੇਵੇਗਾ ਤੇ ਅਫ਼ਗਾਨ ਸਰਕਾਰ ਨੂੰ ਸ਼ਾਂਤੀ ਸਥਾਪਿਤ ਕਰਨ ਲਈ ਗੱਲਬਾਤ ਕਰੇਗਾ। ਅਮਰੀਕਾ ਨੇ ਸਮਝੌਤੇ ਤਹਿਤ ਫ਼ੌਜਾਂ ਦੀ ਵਾਪਸੀ ਸ਼ੁਰੂ ਕੀਤੀ, ਪਰ ਤਾਲਿਬਾਨ ਨੇ ਸ਼ਾਂਤੀ ਸਮਝੌਤੇ ਨੂੰ ਤਾਕ ‘ਤੇ ਰੱਖਦੇ ਹੋਏ ਅਫ਼ਗਾਨਿਸਤਾਨ ਦੇ ਇਲਾਕਿਆਂ ‘ਤੇ ਕਬਜ਼ਾ ਸ਼ੁਰੂ ਕਰ ਦਿੱਤਾ।