Health benefits of onion: ਪਿਆਜ਼ ਭਾਵ ਗੰਢਾ ਆਪਣੇ ਅੰਦਰ ਅਨੇਕਾਂ ਗੁਣ ਸਮੋਈ ਬੈਠਾ ਹੈ। ਵਿਟਾਮਿਨ- ਸੀ, ਵਿਟਾਮਿਨ- ਬੀ 6, ਫਾਈਬਰ, ਮੌਲੀਬਿਡਨਮ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਅਤੇ ਟਰਿਪਟੋਫੈਨ ਨਾਲ ਭਰਪੂਰ ਗੰਢਾ 5000 ਸਾਲ ਪਹਿਲਾਂ ਤੋਂ ਉਗਾਇਆ ਜਾ ਰਿਹਾ ਹੈ। ਗੰਢੇ ਵਿਚਲੇ ਫ਼ਾਇਦੇਮੰਦ ਫਲੇਵੋਨਾਇਡ ਇਸਦੀਆਂ ਬਾਹਰਲੀਆਂ ਪਰਤਾਂ ਵਿੱਚ ਹੁੰਦੇ ਹਨ। ਇਸੇ ਲਈ ਪਿਆਜ਼ ਨੂੰ ਛਿੱਲਣ ਲੱਗਿਆਂ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਗੰਢੇ ਦਾ ਬਾਹਰਲਾ ਪਤਲਾ ਛਿੱਲੜ ਹੀ ਲਾਹਿਆ ਜਾਵੇ ਨਾ ਕਿ ਬਾਹਰਲੀ ਪਰਤ ਵੀ ਨਾਲ ਹੀ ਸੁੱਟ ਦਿੱਤੀ ਜਾਵੇ।
ਸਬਜ਼ੀਆਂ ਵਿੱਚ ਤੜਕਾ ਲਾਉਣ ਲੱਗਿਆਂ ਵੀ ਸੱਤ ਮਿੰਟ ਤੋਂ ਜ਼ਿਆਦਾ ਸਮੇਂ ਤਕ ਗੰਢਾ ਨਹੀਂ ਭੁੰਨਿਆ ਜਾਣਾ ਚਾਹੀਦਾ। ਇੱਕ ਚੌਥਾਈ ਇੰਚ ਚੌੜੇ ਜਾਂ ਇਸ ਤੋਂ ਵੀ ਛੋਟੇ ਕੱਟੇ ਹੋਏ ਗੰਢਿਆਂ ਨੂੰ ਮੱਧਮ ਅੱਗ ਉੱਤੇ 5 ਮਿੰਟ ਭੁੰਨਣ ਨਾਲ ਉਸ ਵਿਚਲੇ ਫਲੇਵੋਨਾਇਡ ਦਾ ਪੂਰਾ ਫ਼ਾਇਦਾ ਲਿਆ ਜਾ ਸਕਦਾ ਹੈ। ਤੜਕੇ ਨੂੰ ਸਾੜ ਕੇ ਖਾਣਾ ਸੁਆਦ ਭਾਵੇਂ ਬਣਾ ਲਵੋ ਪਰ ਉਸ ਵਿੱਚੋਂ ਫ਼ਾਇਦੇਮੰਦ ਚੀਜ਼ਾਂ ਦਾ ਸਫ਼ਾਇਆ ਹੋ ਜਾਂਦਾ ਹੈ। ਗੰਢਾ ਸਲਫਰ ਭਰਪੂਰ ਹੁੰਦਾ ਹੈ, ਜਿਸ ਨਾਲ ਇਸ ਵਿੱਚੋਂ ਤਿੱਖੀ ਖ਼ੁਸ਼ਬੋ ਨਿਕਲਦੀ ਹੈ। ਗੰਢਿਆਂ ਦੇ ਕੁਝ ਫ਼ਾਇਦੇ ਹੇਠ ਲਿਖੇ ਹਨ:
1. ਦਿਲ ਵਾਸਤੇ ਗੰਢੇ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ ਕਿਉਂਕਿ ਇਹ ਕੈਲੈਸਟਰੋਲ ਘਟਾਉਂਦੇ ਹਨ ਅਤੇ ਪਲੇਟਲੈਟ ਸੈੱਲਾਂ ਨੂੰ ਆਪਸ ਵਿੱਚ ਜੋੜ ਕੇ ਨਾੜੀਆਂ ਵਿੱਚ ਰੁਕਾਵਟ ਪਾਉਣ ਤੋਂ ਰੋਕਦੇ ਹਨ। ਇਸ ਨਾਲ ਦਿਲ ਦਾ ਦੌਰਾ ਪੈਣ ਤੋਂ ਬਚਾਅ ਹੋ ਜਾਂਦਾ ਹੈ। ਇਹ ਅਸਰ ਗੰਢਿਆਂ ਵਿਚਲੇ ਫਲੇਵੋਨਾਇਡ ਸਦਕਾ ਹੁੰਦਾ ਹੈ।
2. ਇਨਸਾਨਾਂ ਵਿੱਚ ਹੋਈ ਖੋਜ ਨੇ ਸਾਬਤ ਕੀਤਾ ਹੈ ਕਿ ਗੰਢੇ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਅੱਜਕੱਲ੍ਹ ‘ਬੋਨ ਡੈਨਸਿਟੀ’ ਦਾ ਬਹੁਤ ਰੌਲਾ ਪਿਆ ਹੋਇਆ ਹੈ ਅਤੇ ਉਸ ਵਾਸਤੇ ਕਈ ਟੈਸਟ ਕੀਤੇ ਜਾ ਰਹੇ ਹਨ। ਇਨ੍ਹਾਂ ਟੈਸਟਾਂ ਰਾਹੀਂ ਹੱਡੀਆਂ ਦੇ ਕਮਜ਼ੋਰ ਹੋਣ ਬਾਰੇ ਪਤਾ ਲਗਾਇਆ ਜਾਂਦਾ ਹੈ। ਮਾਹਵਾਰੀ ਬੰਦ ਹੋਣ ਤੋਂ ਬਾਅਦ ਔਰਤਾਂ ਦੀਆਂ ਹੱਡੀਆਂ ਛੇਤੀ ਕਮਜ਼ੋਰ ਹੋ ਜਾਂਦੀਆਂ ਹਨ। ਲਗਾਤਾਰ ਗੰਢੇ ਖਾਂਦੇ ਰਹਿਣ ਨਾਲ ਹੱਡੀਆਂ ਦੀ ਘਣਤਾ ਠੀਕ ਰਹਿੰਦੀ ਹੈ।
3. ਜੋੜਾਂ ਦੇ ਦਰਦ ਅਤੇ ਦਮੇ ਦੇ ਰੋਗ ਵਿੱਚ ਗੰਢੇ ਫ਼ਾਇਦੇਮੰਦ ਸਾਬਤ ਹੋਏ ਹਨ। ਇਸ ਵਾਸਤੇ ਗੰਢੇ ਨੂੰ ਭੰਨ ਕੇ ਉਸ ਦੇ ਵਿਚਕਾਰਲੇ ਨਰਮ ਹਿੱਸੇ ਨੂੰ ਵਰਤਣ ਦੀ ਲੋੜ ਹੈ, ਜਿਸ ਨਾਲ ਸਰੀਰ ਅੰਦਰਲੇ ਬੀਮਾਰੀਆਂ ਨਾਲ ਲੜਨ ਵਾਲੇ ਸੈੱਲਾਂ ਦੀ ਤਾਕਤ ਵਧ ਜਾਂਦੀ ਹੈ। ਥਿੰਦੇ ਵਾਲੇ ਏਸਿਡ (ਫੈਟੀ ਏਸਿਡ) ਵੀ ਘਟ ਜਾਂਦੇ ਹਨ।
ਗੰਢਾ ਕੁਝ ਹੱਦ ਤਕ ਕੀਟਾਣੂ ਮਾਰਨ ਵਿੱਚ ਸਹਾਈ ਹੋਇਆ ਹੈ, ਖ਼ਾਸਕਰ ਦੰਦਾਂ ਵਿੱਚ ਖੋੜਾਂ ਕਰਨ ਵਾਲੇ ‘ਸਟਰੈਪਟੋਕੌਕਸ ਮਿਊਟੈਨਸ’ ਨੂੰ ਮਾਰਨ ਵਿੱਚ।
ਇੰਜ ਹੀ ਮਸੂੜਿਆਂ ਦੇ ਰੋਗਾਂ ਨੂੰ ਵੀ ਘਟਾਉਣ ਵਿੱਚ ਗੰਢਾ ਮਦਦ ਕਰਦਾ ਹੈ। ਖੋਜ ਰਾਹੀਂ ਸਾਬਤ ਹੋਇਆ ਕਿ ਤਾਜ਼ਾ ਅਤੇ ਕੱਚਾ ਗੰਢਾ ਖਾਣ ਨਾਲ ਮਸੂੜਿਆਂ ਦੀ ਪੀਕ ਘਟ ਗਈ ਖੋਜਾਂ ਅਨੁਸਾਰ ਕੁਝ ਕਿਸਮ ਦੇ ਕੈਂਸਰ ਖ਼ਾਸ ਕਰਕੇ ਅੰਤੜੀਆਂ, ਅੰਡਕੋਸ਼ ਅਤੇ ਲੈਰਿੰਜੀਅਲ (ਗਲੇ) ਕੈਂਸਰ ਦਾ ਖ਼ਤਰਾ ਘਟ ਜਾਂਦਾ ਹੈ, ਬਸ਼ਰਤੇ ਕਿ ਹਫ਼ਤੇ ਵਿੱਚ ਘੱਟੋ-ਘੱਟ ਚਾਰ ਦਿਨ ਗੰਢਾ ਖਾਧਾ ਜਾਵੇ। ਭੋਜਨ ਨਾਲੀ ਦਾ ਕੈਂਸਰ ਅਤੇ ਮੂੰਹ ਦੇ ਕੈਂਸਰ ਦਾ ਖ਼ਤਰਾ ਰੋਜ਼ਾਨਾ ਦੋ ਵਾਰ ਗੰਢਾ ਖਾਣ ਨਾਲ ਘਟਣ ਦੇ ਆਸਾਰ ਹਨ। ਇੱਕ ਆਮ ਵਿਚਕਾਰਲੇ ਮੇਲ ਦਾ ਪੂਰਾ ਗੰਢਾ ਇੱਕ ਵੇਲੇ ਖਾਣ ਨਾਲ ਹੀ ਕੋਈ ਅਸਰ ਵੇਖਿਆ ਜਾ ਸਕਦਾ ਹੈ, ਨਾ ਕਿ ਇਕ ਅੱਧ ਫਾੜੀ ਸਲਾਦ ਵਿੱਚ।