Morning Drinking Tea: ਕੁਝ ਲੋਕ ਆਪਣੇ ਦਿਨ ਦੀ ਸ਼ੁਰੂਆਤ ਕਸਰਤ, ਯੋਗਾ, ਜਾਂ ਪਾਣੀ ਪੀਣ ਦੇ ਨਾਲ ਕਰਦੇ ਹਨ ਪਰ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ ਅਤੇ ਭਾਰਤ ‘ਚ ਲਗਭਗ 90 ਫੀਸਦੀ ਲੋਕ ਸਵੇਰੇ ਨਾਸ਼ਤੇ ਤੋਂ ਪਹਿਲਾਂ ਚਾਹ ਪੀਣੀ ਜ਼ਰੂਰ ਪਸੰਦ ਕਰਦੇ ਹਨ ਅਤੇ ਕਈ ਲੋਕ ਇਸ ਨੂੰ ਆਪਣੀ ਇਕ ਚੰਗੀ ਆਦਤ ਵੀ ਸਮਝਦੇ ਹਨ ਕਿਉਂਕਿ ਸ਼ਾਇਦ ਉਨ੍ਹਾਂ ਦੀ ਇਹ ਸੋਚ ਬਣ ਚੁੱਕੀ ਹੈ ਕਿ ਸਵੇਰੇ-ਸਵੇਰੇ ਚਾਹ ਪੀਤੇ ਬਗ਼ੈਰ ਉਨ੍ਹਾਂ ਦੀ ਅੱਖ ਨਹੀਂ ਖੁੱਲ੍ਹਦੀ ਜਾਂ ਬਿਨ੍ਹਾਂ ਚਾਹ ਦੇ ਉਹਨਾਂ ਦੇ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਹੁੰਦੀ। ਪਰ ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਚਾਹ ਪੀਣ ਦੇ ਕਈ ਨੁਕਸਾਨ ਵੀ ਹੁੰਦੇ ਹਨ ਜੋ ਸਿਹਤ ਲਈ ਬਹੁਤ ਖ਼ਤਰਨਾਕ ਹੁੰਦੇ ਹਨ ਤਾਂ ਆਓ ਜਾਣਦੇ ਹਾਂ ਖਾਲੀ ਪੇਟ ਚਾਹ ਪੀਣ ਦੇ ਨੁਕਸਾਨਾਂ ਬਾਰੇ।
ਐਸੀਡਿਟੀ: ਜੇ ਤੁਸੀਂ ਖ਼ਾਲੀ ਪੇਟ ਚਾਹ ਪੀਂਦੇ ਹੋ ਤਾਂ ਤੁਹਾਨੂੰ ਐਸੀਡਿਟੀ ਹੋ ਸਕਦੀ ਹੈ। ਗਰਮ ਚਾਹ ਦਾ ਸੇਵਨ ਐਸੀਡਿਟੀ ਪੈਦਾ ਕਰਦਾ ਹੈ ਤੇ ਖਾਣੇ ਨੂੰ ਪਚਾਉਣ ਵਾਲੇ ਰਸਾਂ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ।
ਕਬਜ਼: ਕਈ ਲੋਕ ਸਮਝਦੇ ਹਨ ਕਿ ਸਵੇਰੇ ਉੱਠ ਕੇ ਚਾਹ ਪੀਣ ਨਾਲ ਪੇਟ ਸਾਫ਼ ਹੁੰਦਾ ਹੈ ਪਰ ਚਾਹ ਪੀਣ ਨਾਲ ਪੇਟ ਸਾਫ਼ ਨਹੀਂ ਹੁੰਦਾ, ਬਲਕਿ ਪੇਟ ਦੀਆਂ ਅੰਤੜੀਆਂ ਕਮਜ਼ੋਰ ਹੁੰਦੀਆਂ ਹਨ, ਜਿਸ ਨਾਲ ਤੁਸੀਂ ਕਬਜ਼ ਦੇ ਸ਼ਿਕਾਰ ਹੁੰਦੇ ਹੋ।
ਕੈਂਸਰ: ਸਵੇਰੇ-ਸਵੇਰੇ ਦੁੱਧ ਵਾਲੀ ਮਿੱਠੀ ਚਾਹ ਪੀਣ ਨਾਲ ਤੁਸੀਂ ਕੈਂਸਰ ਜਿਹੀ ਬਿਮਾਰੀ ਦੀ ਗ੍ਰਿਫ਼ਤ ‘ਚ ਆ ਸਕਦੇ ਹੋ ਕਿਉਂਕਿ ਇਕ ਰਿਸਰਚ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਗਰਮ ਚਾਹ ਪੀਣ ਨਾਲ ਗਲੇ ਦਾ ਕੈਂਸਰ ਹੋਣ ਦਾ ਖਤਰਾ 8 ਗੁਣਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਬਰਾਂਡਾਂ ਦੀ ਚਾਹ ਇਕੱਠੀ ਮਿਲਾ ਕੇ ਪੀਣ ਨਾਲ ਉਸ ਦਾ ਅਸਰ ਤੇਜ਼ ਹੁੰਦਾ ਹੈ ਅਤੇ ਨਸ਼ਾ ਹੋਣ ਦੀ ਹਾਲਤ ਮਹਿਸੂਸ ਹੁੰਦੀ ਹੈ।
ਚਿੜਚਿੜਾ ਸੁਭਾਅ: ਚਾਹ ਪੀਣ ਨਾਲ ਐਸੀਡਿਟੀ ਬਣਦੀ ਹੈ, ਜਿਸ ਕਰਕੇ ਤੁਸੀਂ ਸਾਰਾ ਦਿਨ ਗੁੱਸੇਖੋਰ ਤੇ ਚਿੜਚਿੜੇ ਬਣੇ ਰਹਿੰਦੇ ਹੋ।
ਭਾਰ ਵਧਣਾ: ਖ਼ਾਲੀ ਪੇਟ ਦੁੱਧ ਵਾਲੀ ਮਿੱਠੀ ਚਾਹ ਪੀਣ ਨਾਲ ਤੁਹਾਡਾ ਭਾਰ ਵੀ ਵੱਧਦਾ ਹੈ, ਜਿਸ ਕਰਕੇ ਤੁਸੀਂ ਚੁਸਤ ਰਹਿਣ ਦੀ ਬਜਾਏ ਸੁਸਤ ਰਹਿਣ ਲੱਗਦੇ ਹੋ। ਜ਼ਿਆਦਾ ਦੁੱਧ ਵਾਲੀ ਚਾਹ ਪੀਣ ਨਾਲ ਥਕਾਨ ਦਾ ਅਹਿਸਾਸ ਹੁੰਦਾ ਹੈ ਕਿਉਂਕਿ ਚਾਹ ‘ਚ ਜ਼ਿਆਦਾ ਦੁੱਧ ਮਿਲਾਉਣ ਨਾਲ ਐਂਟੀਆਕਸੀਡੈਂਟ ਦਾ ਅਸਰ ਖਤਮ ਹੁੰਦਾ ਹੈ।
ਅਲਸਰ ਦਾ ਖ਼ਤਰਾ: ਸਵੇਰੇ-ਸਵੇਰੇ ਚਾਹ ਪੀਣ ਨਾਲ ਪੇਟ ‘ਚ ਜ਼ਖ਼ਮ ਹੋਣ ਲੱਗਦੇ ਹਨ, ਜਿਸ ਨੂੰ ਡਾਕਟਰੀ ਭਾਸ਼ਾ ‘ਚ ਅਲਸਰ ਦਾ ਨਾਂ ਦਿੱਤਾ ਜਾਂਦਾ ਹੈ। ਇਹ ਤਾਂ ਸੀ ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਹੋਣ ਵਾਲੇ ਨੁਕਸਾਨ, ਹੁਣ ਗੱਲ ਕਰਦੇ ਹਾਂ ਸਵੇਰੇ ਉੱਠ ਕੇ ਕਿਹੜੀ ਚਾਹ ਪੀਣੀ ਚਾਹੀਦੀ ਹੈ।