Jamia Vice Chancellor Demands ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨਜਮਾ ਅਖਤਰ ਨੇ ਅੱਜ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਪਿਛਲੇ ਹਫਤੇ ਕੈਂਪਸ ਵਿੱਚ ਹੋਏ ਪੁਸਲ ਤਸ਼ੱਦਦ ਸੰਬੰਧੀ ਦਿੱਲੀ ਪੁਲਸ ਖਿਲਾਫ ਮਾਮਲਾ ਦਰਜ ਕਰਵਾਉਣ ਸੰਬੰਧੀ ਕਾਨੂੰਨੀ ਚਾਰਾਜੋਈ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ| ਉਨ੍ਹਾਂ ਇਹ ਗੱਲ ਅੱਜ ਸੈਂਕੜੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਦਫਤਰ ਘੇਰ ਕੇ ਦਿੱਲੀ ਪੁਲਸ ਖਿਲਾਫ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਤੋਂ ਬਾਅਦ ਆਖੀ| ਵਿਦਿਆਰਥੀ ਮੁੱਖ ਗੇਟ ਦਾ ਤਾਲਾ ਤੋੜ ਕੇ ਦਫਤਰ ਦੇ ਅਹਾਤੇ ਵਿੱਚ ਦਾਖਲ ਹੋਏ ਅਤੇ ਵਾਈਸ ਚਾਂਸਲਰ ਵਿਰੁਧ ਨਾਅਰੇਬਾਜੀ ਕਰਦਿਆਂ ਦਿੱਲੀ ਪੁਲਸ ਖਿਲਾਫ ਐਫ. ਆਈ. ਆਰ. ਦਰਜ ਕਰਵਾਉ ਦੀ ਮੰਗ ਕੀਤੀ| ਉਥੇ ਹੀ ਨਜਮਾ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਭਰੋਸਾ ਦਿੱਤਾ ਗਿਆ|
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਮੰਗ ‘ਤੇ ਨਜਮਾ ਅਖਤਰ ਨੇ ਡੀਨਜ., ਵਿਭਾਗਾਂ ਦੇ ਮੁੱਖੀਆਂ ਤੇ ਹੋਰ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਦਿਆਂ ਐਲਾਨ ਕੀਤਾ ਕਿ ਆਗਾਮੀ ਨੋਟਿਸ ਤੱਕ ਚੱਲ ਰਹੇ ਸਮੈਸਟਰ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਜਾਣਗੀਆਂ ਅਤੇ ਨਵੀਂ ਸਮਾਂ ਸਾਰਨੀ ਬਾਅਦ ਵਿੱਚ ਐਲਾਨੀ ਜਾਵੇਗੀ| ਇਸ ਦੌਰਾਨ ਵਾਇਸ ਚਾਂਸਲਰ ਨੇ ਕਿਹਾ ਕਿ ਕੌਮੀ ਮਨੁੱਖੀ ਅਧਿਕਾਰਾਂ ਬਾਰੇ ਕਮੀਸ਼ਨ ਨੇ ਪੁਲਸ ਵਲੋਂ ਵਿਦਿਆਰਥੀਆਂ ਖਿਲਾਫ ਕੀਤੀ ਕਾਰਵਾਈ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ| ਉਥੇ ਹੀ ਵਿਦਿਆਰਥੀਆਂ ਵਲੋਂ ਇਹ ਮੰਗ ਕੀਤੀ ਗਈ ਕਿ ਵਾਈਸ ਚਾਂਸਲਰ ਉਨ੍ਹਾਂ ਨੂੰ ਭਰੋਸਾ ਦੇਣ ਕਿ ਪੁਲਸ ਮੁੜ ਕਦੇ ਕੈਂਪਸ ਵਿੱਚ ਨਹੀਂ ਵੜੇਗੀ|